ਮੈਲਬਰਨ : ਆਸਟਰੀਆ (ਯੂਰੋਪ) ਤੋਂ ਪੰਜਾਬ ਗਈ ਇੱਕ NRI ਔਰਤ ਦੇ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਸਥਿਤ ਹੋਟਲ ਕਿੰਗਜ਼ ਰੂਟ ਦੇ ਇੱਕ ਕਮਰੇ ’ਚੋਂ ਉਸ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਪਿੰਡ ਵੜੈਚ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ, ਔਰਤ ਦਾ ਪਤੀ ਮਨਦੀਪ ਸਿੰਘ ਢਿੱਲੋਂ ਘਟਨਾ ਤੋਂ ਬਾਅਦ ਫਰਾਰ ਹੈ ਅਤੇ ਉਸ ‘ਤੇ ਕਤਲ ਦਾ ਸ਼ੱਕ ਹੈ। ਬੀਤੇ ਲੰਬੇ ਸਮੇਂ ਤੋਂ ਆਸਟਰੀਆ ਵਿੱਚ ਰਹੇ ਪਤੀ-ਪਤਨੀ ਇੱਥੇ ਇੱਕ ਪਰਿਵਾਰਕ ਸਮਾਗਮ ਲਈ ਆਏ ਸੀ। ਉਹ ਦੋਵੇਂ ਹੋਟਲ ਵਿੱਚ ਰੁਕੇ ਸੀ।
ਏ.ਸੀ.ਪੀ. ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ 12 ਜਨਵਰੀ ਨੂੰ ਦੁਪਹਿਰ 1:30 ਵਜੇ ਦੇ ਕਰੀਬ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਕੋਰਟ ਰੋਡ ‘ਤੇ ਇੱਕ ਹੋਟਲ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਭਰਾ ਲਵਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸੱਤ ਸਾਲ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੇਠੂਵਾਲ ਵਿੱਚ ਹੋਇਆ ਸੀ। ਸ਼ੁਰੂਆਤੀ ਸਾਲਾਂ ਵਿੱਚ ਸਭ ਕੁਝ ਠੀਕ ਚੱਲਿਆ, ਪਰ ਬਾਅਦ ਵਿੱਚ, ਉਸ ਦੇ ਪਤੀ ਦੇ ਸ਼ੱਕ ਕਾਰਨ ਘਰੇਲੂ ਝਗੜੇ ਵਧਣ ਲੱਗੇ। ਲਵਪ੍ਰੀਤ ਸਿੰਘ ਅਨੁਸਾਰ, ਇਹ ਜੋੜਾ ਕੁਝ ਸਮੇਂ ਤੋਂ ਆਸਟਰੀਆ ਵਿੱਚ ਰਹਿ ਰਿਹਾ ਸੀ ਅਤੇ ਹਾਲ ਹੀ ਵਿੱਚ ਇੱਕ ਪਰਿਵਾਰਕ ਸਮਾਰੋਹ ਲਈ ਭਾਰਤ ਵਾਪਸ ਆਇਆ ਸੀ। ਮ੍ਰਿਤਕਾ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ ਅਤੇ ਲੰਬੇ ਸਮੇਂ ਤੋਂ ਕੋਈ ਅਣਬਣ ਨਹੀਂ ਸੀ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਨੂੰ ਬਹੁਤ ਸਦਮਾ ਲੱਗਾ ਹੈ, ਖਾਸ ਕਰਕੇ ਛੇ ਤੋਂ ਸੱਤ ਮਹੀਨਿਆਂ ਦੇ ਬੱਚੇ ਲਈ, ਜੋ ਹੁਣ ਮਾਪਿਆਂ ਤੋਂ ਬਿਨਾਂ ਹੈ।





