ਮੈਲਬਰਨ : ਪ੍ਰੇਸ਼ਾਨ ਕਰਨ ਵਾਲੀ ਗਿਣਤੀ ਦੇ ਆਸਟ੍ਰੇਲੀਅਨ ਲੋਕ ਫ਼ਿਲੀਪੀਨਜ਼ ’ਚ ਬੱਚਿਆਂ ਦੇ ਜਿਨਸੀ ਸੋਸ਼ਣ ’ਚ ਸ਼ਾਮਲ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਨੇ ਆਪਣੇ ਫਿਲੀਪੀਨਜ਼ ਦੇ ਹਮਰੁਤਬਾ ਨਾਲ ਮਿਲ ਕੇ ਬੱਚਿਆਂ ਦੇ ਇਸ ਸ਼ੋਸ਼ਣ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਸਾਲ 13 ਆਸਟ੍ਰੇਲੀਅਨ ਗ੍ਰਿਫ਼ਤਾਰ ਹੋਏ ਹਨ ਅਤੇ 92 ਬੱਚਿਆਂ ਨੂੰ ਬਚਾਇਆ ਗਿਆ। ਪੀੜਤ ਬੱਚਿਆਂ ਨੂੰ ਛੇ ਸਾਲ ਦੀ ਉਮਰ ਤੋਂ ਹੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਇੱਕ 74 ਸਾਲ ਦੇ ਵੈਸਟਰਨ ਆਸਟ੍ਰੇਲੀਆ ਵਾਸੀ ਨੂੰ 23 ਸਾਲ ਦੀ ਸਜ਼ਾ ਮਿਲੀ, ਜਦਕਿ ਇੱਕ 52 ਸਾਲ ਦੇ ਵਿਕਟੋਰੀਆ ਵਾਸੀ ਨੂੰ 27 ਦੋਸ਼ਾਂ ਲਈ 10 ਸਾਲ ਤੋਂ ਵੱਧ ਕੈਦ ਦੀ ਸਜ਼ਾ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਅਪਰਾਧੀ ਬੱਚਿਆਂ ਦੇ ਸੋਸ਼ਣ ’ਚ ਵੱਡੇ ਪੱਧਰ ’ਤੇ ਸ਼ਾਮਲ ਹਨ ਕਿਉਂਕਿ ਦੋਨਾਂ ਦੇਸ਼ਾਂ ਵਿਚਕਾਰ ਸਮਾਂ-ਖੇਤਰ ਮਿਲਦੇ ਹਨ, ਸਿੱਧੀਆਂ ਉਡਾਣਾਂ ਹਨ ਅਤੇ ਫਿਲੀਪੀਨਜ਼ ਵਿੱਚ ਅੰਗਰੇਜ਼ੀ ਬੋਲਣ ਵਾਲੀ ਵੱਡੀ ਅਬਾਦੀ ਹੈ। 2019 ਤੋਂ ਲੈ ਕੇ PICACC ਕੇਂਦਰ ਨੇ 324 ਕਾਰਵਾਈਆਂ ਕੀਤੀਆਂ ਹਨ, ਜਿਨ੍ਹਾਂ ਨਾਲ 865 ਬੱਚਿਆਂ ਨੂੰ ਬਚਾਇਆ ਗਿਆ ਅਤੇ 187 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। AFP ਨੇ ਚੇਤਾਵਨੀ ਦਿੱਤੀ ਹੈ ਕਿ ਹਰ ਆਨਲਾਈਨ ਗਤੀਵਿਧੀ ਟ੍ਰੇਸ ਕੀਤੀ ਜਾ ਸਕਦੀ ਹੈ ਅਤੇ ਦੋਸ਼ੀਆਂ ਨੂੰ ਲੱਭਿਆ ਜਾਵੇਗਾ।
ਫ਼ਿਲੀਪੀਨਜ਼ ’ਚ ਇਸ ਸਾਲ 13 ਆਸਟ੍ਰੇਲੀਅਨ ਲੋਕਾਂ ਨੂੰ ਹੋਈ ਬੱਚਿਆਂ ਨਾਲ ਘਿਨਾਉਣੇ ਕੰਮ ਲਈ ਸਜ਼ਾ





