ਹੋਬਾਰਟ : ਪਰਥ ਦੇ ਇੱਕ ਪੰਜਾਬੀ ਨੇ ਇੱਕ ਅਜਨਬੀ ਦੀ ਮਦਦ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਕਿਵੇਂ ਇੱਕ ਆਮ ਨਾਗਰਿਕ ਨਿਰਸਵਾਰਥ ਭਾਵ ਨਾਲ ਕੰਮ ਕਰ ਕੇ ਵੱਡਾ ਫਰਕ ਲਿਆ ਸਕਦੇ ਹਨ। ਦਰਅਸਲ ਕਰਮਵੀਰ ਸਿੰਘ ਬੈਦਵਾਨ ਪਰਥ ਦੇ ਇੱਕ ਕੈਫ਼ੇ ’ਚ ਕੁੱਝ ਖਾਣ-ਪੀਣ ਲਈ ਗਿਆ ਸੀ ਜਦੋਂ ਉਸ ਨੇ ਵੇਖਿਆ ਕਿ ਇੱਕ ਚੋਰ ਕੈਫ਼ੇ ਅੰਦਰ ਗਏ ਇੱਕ ਨੌਜੁਆਨ ਦੀ ਬਾਇਕ ਚੋਰੀ ਕਰ ਕੇ ਭੱਜ ਰਿਹਾ ਹੈ। ਬੈਦਵਾਨ ਨੇ ਤੁਰੰਤ ਉਸ ਬਾਇਕ ਦੇ ਮਾਲਕ ਨੂੰ ਸੂਚਿਤ ਕੀਤਾ ਅਤੇ ਆਪਣੀ ਕਾਰ ’ਚ ਬਿਠਾ ਕੇ ਬਾਇਕ ਚੋਰੀ ਦਾ ਪਿੱਛਾ ਕਰਨ ਦੀ ਪੇਸ਼ਕਸ਼ ਕੀਤੀ। ਦੋਹਾਂ ਨੇ ਚੋਰ ਦਾ ਪਿੱਛਾ ਕੀਤਾ ਅਤੇ ਚੋਰੀ ਹੋਈ ਬਾਇਕ ਨੂੰ ਬਰਾਮਦ ਕਰਨ ਵਿੱਚ ਸਫ਼ਲ ਵੀ ਰਹੇ। ਚੋਰ ਨੂੰ ਜਦੋਂ ਪਤਾ ਲੱਗਾ ਕਿ ਕਾਰ ’ਚ ਬੈਦਵਾਨ ਉਸ ਦਾ ਪਿੱਛਾ ਕਰ ਰਿਹਾ ਹੈ ਤਾਂ ਉਸ ਨੇ ਕਾਰ ਉਤੇ ਇੱਕ ਖ਼ਾਲੀ ਕੈਨ ਮਾਰਿਆ, ਪਰ ਬੈਦਵਾਨ ਅਤੇ ਬਾਇਕ ਮਾਲਕ ਬਗੈਰ ਡਰੇ ਉਸ ਤੋਂ ਬਾਇਕ ਵਾਪਸ ਲੈ ਕੇ ਹੀ ਮੁੜੇ।
ਇਹ ਘਟਨਾ ਆਸਟ੍ਰੇਲੀਆ ਦੇ ਮਸ਼ਹੂਰ ਨਿਊਜ਼ ਚੈਨਲ 9news ’ਤੇ ਵੀ ਵਿਖਾਈ ਗਈ ਜਿਸ ਦੀ ਭਰਵੀਂ ਤਾਰੀਫ਼ ਹੋ ਰਹੀ ਹੈ। ਬੈਦਵਾਨ ਦੀਆਂ ਕਾਰਵਾਈਆਂ ਦੀ ਪ੍ਰਸ਼ੰਸਾ ਕੀਤੀ ਗਈ ਸੀ ਕਿ ਉਹ ‘ਸੱਚੀ ਆਸਟ੍ਰੇਲੀਆਈ ਭਾਵਨਾ’ ਅਤੇ ਲੋਕਾਂ ਦੀ ਮਦਦ ਕਰਨ ਦੀਆਂ ਕਦਰਾਂ-ਕੀਮਤਾਂ ਨੂੰ ਮੂਰਤੀਮਾਨ ਕਰਦੇ ਹਨ। ਬਾਇਕ ਮਾਲਕ ਨੇ ਬੈਦਵਾਨ ਦਾ ਬਹੁਤ ਧਨਵਾਦ ਕੀਤਾ ਅਤੇ ਦੱਸਿਆ ਇਹ ਬਾਇਕ ਹੀ ਉਸ ਦੀ ਆਵਾਜਾਈ ਦਾ ਇੱਕੋ-ਇੱਕ ਸਾਧਨ ਸੀ।
ਕਰਮਵੀਰ ਸਿੰਘ ਬੈਦਵਾਨ ਇੱਕ ਉੱਭਰ ਰਿਹਾ ਕਾਮੇਡੀਅਨ ਵੀ ਹੈ ਅਤੇ ਉਸ ਦਾ ਆਪਣਾ ਸੋਸ਼ਲ ਮੀਡੀਆ ਚੈਨਲ ਹੈ। ਘਟਨਾ ਬਾਰੇ ਇੱਕ ਵੀਡੀਓ ’ਚ ਉਸ ਨੇ ਕਿਹਾ, ‘‘ਸਿੱਖਾਂ, ਪੰਜਾਬੀਆਂ ਦੇ ਖ਼ੂਨ ’ਚ ਹੀ ਸੇਵਾ ਭਾਵਨਾ ਹੁੰਦੀ ਹੈ। ਭਾਵੇਂ ਅਗਲਾ ਬੰਦਾ ਕਿਸੇ ਵੀ ਜਾਤ, ਨਸਲ, ਦੇਸ਼ ਦਾ ਹੋਵੇ। ਇਹ ਸਭ ਕਰਵਾਉਣ ਵਾਲਾ ਰੱਬ ਹੀ ਹੁੰਦਾ ਹੈ। ਗੋਰਿਆਂ ਨੂੰ ਵੀ ਹੁਣ ਪਤਾ ਲੱਗੇਗਾ ਕਿ ਪੱਗਾਂ ਵਾਲੇ ਬੰਦੇ ਮਾੜੇ ਨਹੀਂ ਹੁੰਦੇ।’’





