National Climate Risk Assessment : ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ ਦੀ ਰਿਪੋਰਟ ਜਾਰੀ, ਗਰਮੀ ਕਾਰਨ ਮੌਤਾਂ ’ਚ ਬੇਤਹਾਸ਼ਾ ਵਾਧਾ ਹੋਣ ਦਾ ਖਦਸ਼ਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ (National Climate Risk Assessment) ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ’ਚ ਚੇਤਾਵਨੀ ਦਿੱਤੀ ਗਈ ਹੈ ਕਿ 2050 ਤੱਕ, 1.5 ਮਿਲੀਅਨ ਲੋਕਾਂ ਨੂੰ ਸਮੁੰਦਰ ਦਾ ਪੱਧਰ ਵਧਣ ਕਾਰਨ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ, ਜੋ 2090 ਤੱਕ ਵਧ ਕੇ 3 ਮਿਲੀਅਨ ਹੋ ਜਾਵੇਗਾ।

ਇਹੀ ਨਹੀਂ ਜਲਵਾਯੂ ਤਬਦੀਲੀ ਕਾਰਨ ਵਧਣ ਵਾਲੀ ਗਰਮੀ ਨਾਲ ਸਿਡਨੀ ਅਤੇ ਡਾਰਵਿਨ ਵਰਗੇ ਸ਼ਹਿਰਾਂ ਵਿੱਚ ਲੂ ਲੱਗਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ 400٪ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ। ਰਿਪੋਰਟ ਚੱਕਰਵਾਤ, ਬੁਸ਼ਫਾਇਰ ਅਤੇ ਬਿਮਾਰੀਆਂ ਦੇ ਫੈਲਣ ਦੇ ਵਧੇ ਹੋਏ ਜੋਖਮਾਂ ਨੂੰ ਵੀ ਉਜਾਗਰ ਕਰਦੀ ਹੈ।

ਜਲਵਾਯੂ ਤਬਦੀਲੀ ਦਾ ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਉਤੇ ਵੀ ਭਿਆਨਕ ਅਸਰ ਪਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਲਮੀ ਤਾਪਮਾਨ 3 ਡਿਗਰੀ ਵੀ ਵਧਿਆ ਤਾਂ ਪ੍ਰਾਪਰਟੀ ਮਾਰਕੀਟ ਨੂੰ ਅਗਲੇ 5 ਸਾਲਾਂ ’ਚ 571 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ। ਮਕਾਨਾਂ ਦੀ ਕੀਮਤ ਅਤੇ ਇੰਸ਼ੋਰੈਂਸ ਵੀ ਬੇਤਹਾਸ਼ਾ ਵਧਣ ਦਾ ਖ਼ਤਰਾ ਹੈ। ਆਰਥਿਕ ਨੁਕਸਾਨ 2050 ਤੱਕ 611 ਬਿਲੀਅਨ ਡਾਲਰ ਅਤੇ 2090 ਤੱਕ 770 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਜਲਵਾਯੂ ਮੰਤਰੀ ਕ੍ਰਿਸ ਬੋਵੇਨ ਨੇ ਜ਼ੋਰ ਦੇ ਕੇ ਕਿਹਾ ਕਿ ਰੀਜਨਲ ਆਸਟ੍ਰੇਲੀਅਨ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ, ਉਨ੍ਹਾਂ ਨੇ ਸਭ ਤੋਂ ਮਾੜੇ ਨਤੀਜਿਆਂ ਨੂੰ ਰੋਕਣ ਲਈ ਕਾਰਵਾਈ ਦੀ ਅਪੀਲ ਕੀਤੀ।