ਨਸ਼ੇ ’ਚ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਪੰਜਾਬੀ ਸਿਡਨੀ ਦੀ ਅਦਾਲਤ ’ਚ ਪੇਸ਼

ਮੈਲਬਰਨ: ਸਿਡਨੀ ਦੀ ਅਦਾਲਤ ’ਚ ਅੱਜ ਇੱਕ ਪੰਜਾਬੀ ਮੂਲ ਦੇ ਕੈਨੇਡੀਆਈ ਵਿਅਕਤੀ ਨੂੰ ਸਿਡਨੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ’ਤੇ ਨਸ਼ੇ ’ਚ ਧੁੱਤ ਹੋ ਕੇ ਉੱਡਦੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਹਾਲਾਂਕਿ ਡਾਊਨਿੰਗ ਸੈਂਟਰ ਸਥਾਨਕ ਅਦਾਲਤ ਸਾਹਮਣੇ ਰਾਹੁਲਰੀਤ ਸਿੰਘ ਮਾਨ ਨੇ ਖ਼ੁਦ ਨੂੰ ਬੇਗੁਨਾਹ ਦਸਿਆ ਹੈ।

ਰਾਹੁਲਰੀਤ ਪਿਛਲੇ ਮੰਗਲਵਾਰ ਨੂੰ ਵੈਨਕੂਵਰ ਤੋਂ ਸਿਡਨੀ ਆ ਰਹੀ ਫ਼ਲਾਈਟ ’ਚ ਸਵਾਰ ਸੀ ਜਦੋਂ ਇਹ ਘਟਨਾ ਸਫ਼ਰ ਸ਼ੁਰੂ ਹੋਣ ਤੋਂ ਲਗਭਗ ਦੋ ਘੰਟੇ ਬਾਅਦ ਵਾਪਰੀ। ਆਸਟ੍ਰੇਲੀਅਨ ਫੈਡਰਲ ਪੁਲਸ (AFP) ਮੁਤਾਬਕ ਇਕ ਹੋਰ ਮੁਸਾਫ਼ਰ ਨੇ ਦੇਖਿਆ ਕਿ 33 ਸਾਲ ਦਾ ਰਾਹੁਲਰੀਤ ਕਥਿਤ ਤੌਰ ’ਤੇ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੇ ਰਾਹੁਲਰੀਤ ਨੂੰ ਖਿੱਚ ਕੇ ਦਰਵਾਜ਼ੇ ਤੋਂ ਦੂਰ ਕੀਤਾ। AFP ਨੇ ਕਿਹਾ, ‘‘ਏਅਰਲਾਈਨ ਦੇ ਮੁਲਾਜ਼ਮਾਂ ਨੇ ਉਸ ਵਿਅਕਤੀ ਨੂੰ ਜਹਾਜ਼ ਦੇ ਪਿਛਲੇ ਪਾਸੇ ਸੀਟ ’ਤੇ ਬਿਠਾਇਆ ਅਤੇ ਬਾਕੀ 15 ਘੰਟਿਆਂ ਦੀ ਉਡਾਣ ਦੌਰਾਨ ਉਸ ਦੀ ਨਿਗਰਾਨੀ ਕਰਨੀ ਪਈ।’’ ਜਦੋਂ ਫਲਾਈਟ ਉਤਰੀ ਤਾਂ ਪੁਲਿਸ ਅਧਿਕਾਰੀ ਆਉਣ ਵਾਲੇ ਗੇਟ ’ਤੇ ਉਡੀਕ ਕਰ ਰਹੇ ਸਨ।

ਰਾਹੁਲਰੀਤ ’ਤੇ ਨਸ਼ੇ ਦੀ ਹਾਲਤ ’ਚ ਜਹਾਜ਼ ਜਾਂ ਜਹਾਜ਼ ’ਚ ਸਵਾਰ ਲੋਕਾਂ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ’ਚ ਵੱਧ ਤੋਂ ਵੱਧ 5,000 ਡਾਲਰ ਦਾ ਜੁਰਮਾਨਾ ਜਾਂ ਦੋ ਸਾਲ ਦੀ ਕੈਦ ਹੋ ਸਕਦੀ ਹੈ। ਉਸ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ, ਜਿਸ ’ਚ ਉਸ ਹਾਜ਼ਰ ਹੋਣ ਤੋਂ ਮੁਆਫ ਕਰ ਦਿੱਤਾ ਗਿਆ। ਹਾਲਾਂਕਿ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਦੇ ਕਿਸੇ ਵੀ ਇੰਟਰਨੈਸ਼ਨਲ ਏਅਰਪੋਰਟ ’ਤੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Leave a Comment