ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਘਰੇਲੂ ਹਿੰਸਾ ਨੂੰ ਨਿਸ਼ਾਨਾ ਬਣਾਉਣ ਵਾਲੇ ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਦੋਸ਼ ਆਇਦ ਕੀਤੇ ਗਏ। ਆਪਰੇਸ਼ਨ ਅਮਰੋਕ-6 ਪਿਛਲੇ ਬੁੱਧਵਾਰ ਤੋਂ ਸ਼ਨੀਵਾਰ ਤੱਕ ਚੱਲਿਆ, ਜਿਸ ਦੌਰਾਨ ਪੁਲਿਸ ਨੇ 554 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਕੁੱਲ 1070 ਦੋਸ਼ ਲਗਾਏ। ਇਨ੍ਹਾਂ ਗ੍ਰਿਫਤਾਰੀਆਂ ਵਿਚੋਂ 226 ਪੁਲਿਸ ਨੂੰ ਪਹਿਲਾਂ ਤੋਂ ਹੀ ਘਰੇਲੂ ਹਿੰਸਾ ਦੇ ਗੰਭੀਰ ਅਪਰਾਧਾਂ ਲਈ ਲੋੜੀਂਦੇ ਸਨ। ਡਿਪਟੀ ਕਮਿਸ਼ਨਰ ਪੀਟਰ ਥਰਟੇਲ ਨੇ ਕਿਹਾ ਕਿ ਅਮਰੋਕ-6 ਦੇ ਨਤੀਜੇ ਅਪਰਾਧੀਆਂ ਅਤੇ ਭਾਈਚਾਰੇ ਨੂੰ ਇਕ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹਨ ਕਿ ਅਸੀਂ ਕਿਸੇ ਵੀ ਰੂਪ ਵਿਚ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਇਕ 53 ਸਾਲਾ ਵਿਅਕਤੀ ਸ਼ਾਮਲ ਹੈ ਜਿਸ ਨੇ ਕੇਮਪਸੇ ਵਿਚ ਇਕ ਔਰਤ ਨੂੰ ਕਥਿਤ ਤੌਰ ‘ਤੇ ਨਕਲੀ ਬੰਦੂਕ ਨਾਲ ਧਮਕੀ ਦਿੱਤੀ ਸੀ ਅਤੇ ਇਕ 16 ਸਾਲਾ ਲੜਕੀ ਜਿਸ ਨੇ ਸਿਡਨੀ ਦੇ ਲਿਵਰਪੂਲ ਵਿਚ ਦੋ ਲੋਕਾਂ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਸੀ।