ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਉੱਚ ਹੁਨਰਮੰਦ ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਇਕ ਨਵੇਂ ਇਨੋਵੇਸ਼ਨ ਵੀਜ਼ਾ ਦਾ ਐਲਾਨ ਕੀਤਾ ਹੈ। ਟਰੈਜ਼ਰਰ ਜਿਮ ਚੈਲਮਰਸ ਵੱਲੋਂ ਪੇਸ਼ ਕੀਤੇ ਫ਼ੈਡਰਲ ਬਜਟ ਦੇ ਐਲਾਨ ਅਨੁਸਾਰ ਵਿਵਾਦਮਈ ਨਿਵੇਸ਼ਕ ਪ੍ਰਵਾਸੀ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਜਾਵੇਗਾ, ਜੋ ਕਿ ਨੀਤੀ ’ਚ ਵੱਡਾ ਬਦਲਾਅ ਹੈ। ਇਹ ਆਸਟ੍ਰੇਲੀਆ ਦੀ ਪ੍ਰਵਾਸ ਪ੍ਰਣਾਲੀ ਵਿੱਚ ਵਿਆਪਕ ਤਬਦੀਲੀ ਦਾ ਹਿੱਸਾ ਹੈ ਜਿਸ ਦਾ ਉਦੇਸ਼ ਸਕਿੱਲਡ ਵਰਕਰ ਅਤੇ ਬਿਹਤਰੀਨ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਨਾਲ ਹੀ ਸਮੁੱਚੇ ਇਮੀਗ੍ਰੇਸ਼ਨ ਨੂੰ ਘਟਾਉਣਾ ਹੈ। ਨਵਾਂ ਵੀਜ਼ਾ ਗਲੋਬਲ ਟੈਲੈਂਟ ਵੀਜ਼ਾ ਪ੍ਰੋਗਰਾਮ ਦੀ ਥਾਂ ਲਵੇਗਾ, ਜੋ 2024 ਦੇ ਅਖੀਰ ਵਿਚ ਖਤਮ ਹੋਣ ਵਾਲਾ ਹੈ। ਇਸ ਦੇ ਨਾਲ ਵਿਵਾਦਮਈ ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਵੀਜ਼ਾ ਪ੍ਰੋਗਰਾਮ (BIIP), ਜਿਸ ਨੂੰ ਗੋਲਡਨ ਵੀਜ਼ਾ ਵੀ ਕਿਹਾ ਜਾਂਦਾ ਹੈ ਅਤੇ ਜੋ ਨਿਵੇਸ਼ ਰਾਹੀਂ PR ਦਾ ਰਸਤਾ ਪੇਸ਼ ਕਰਦਾ ਹੈ, ਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਫੈਸਲਾ ਲੇਬਰ ਸਰਕਾਰ ਵੱਲੋਂ ਪ੍ਰਵਾਸ ਨੂੰ ਸੀਮਤ ਕਰਨ ਦੀ ਵੱਧ ਰਹੀ ਮੰਗ ਦੇ ਵਿਚਕਾਰ ਆਇਆ ਹੈ।