10 ਕਰੋੜ ਡਾਲਰ ਦੇ ਪਾਵਰਬਾਲ ਦਾ ਡਰਾਅ ਅੱਜ, Lott ਨੇ ਲੋਕਾਂ ਨੂੰ ਦਿੱਤੀ ਇਹ ਚੇਤਾਵਨੀ

ਮੈਲਬਰਨ: 10 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦਾ ਡਰਾਅ ਅੱਜ ਰਾਤ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਲੋਕਾਂ ਨੂੰ ਤੁਰੰਤ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਚਾਰ ਹਫ਼ਤਿਆਂ ਤੋਂ ਕਿਸੇ ਦਾ ਜੈਕਪਾਟ ਨਹੀਂ ਲੱਗ ਸਕਿਆ ਹੈ, ਜਿਸ ਕਾਰਨ ਇਸ ਦੀ ਰਕਮ ਏਨੀ ਵੱਡੀ ਹੋ ਗਈ ਹੈ। ਪਰ ਲਾਟਰੀ ਦੇ ਪਿੱਛੇ ਦੀ ਸੰਸਥਾ, Lott, ਜੇਤੂਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਆਪਣੀਆਂ ਜਿੱਤੀ ਰਕਤ ਨੂੰ ਸਹੀ ਥਾਂ ’ਤੇ ਖ਼ਰਚ ਕਰਨ ਲਈ ਪੇਸ਼ੇਵਰ ਵਿੱਤੀ ਸਲਾਹ ਲੈਣ। ਇਸੇ ਲਈ ਕਿਸੇ ਜੇਤੂ ਨੂੰ ਪੈਸੇ ਦਾ ਭੁਗਤਾਨ ਕਰਨ ਤੋਂ ਪਹਿਲਾਂ ਦੋ ਹਫ਼ਤਿਆਂ ਤਕ ਅਦਾਇਗੀ ਨੂੰ ਰੋਕ ਕੇ ਰਖਿਆ ਜਾਂਦਾ ਹੈ, ਜਿਸ ਦਾ ਉਦੇਸ਼ ਇਹ ਹੈ ਕਿ ਜੇਤੂ ਵਿੱਤੀ ਸਲਾਹ ਲੈ ਸਕਣ।

ਕੰਪਨੀ ਅਨੁਸਾਰ ਬਹੁਤ ਸਾਰੇ ਲਾਟਰੀ ਜੇਤੂਆਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਤਜਰਬੇ ਸਾਂਝੇ ਕੀਤੇ ਹਨ, ਜਿਸ ਵਿੱਚ ਉਨ੍ਹਾਂ ਤੋਂ ਪੈਸੇ ਮੰਗਣ ਵਾਲਿਆਂ ਦੀ ਕਤਾਰ ਲੱਗਣਾ ਸ਼ਾਮਲ ਹੈ। ਕਈਆਂ ਨੇ ਦੱਸਿਆ ਕਿ ਲਾਟਰੀ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਜੀਵਨਸ਼ੈਲੀ ਕਿੰਨੀ ਤੇਜ਼ੀ ਨਾਲ ਬਦਲ ਗਈ, ਜਿਸ ਨਾਲ ਉਨ੍ਹਾਂ ਦੀਆਂ ਖਰਚ ਕਰਨ ਦੀਆਂ ਆਦਤਾਂ ਅਸਥਿਰ ਹੋ ਗਈਆਂ ਅਤੇ ਉਹ ਛੇਤੀ ਹੀ ਆਪਣੀ ਰਕਮ ਖ਼ਰਚ ਕਰ ਕੇ ਮੁੜ ਕੰਗਾਲ ਬਣ ਗਏ। ਇਸ ਵਿਚ ਇਕ ਅਮਰੀਕੀ ਵਿਅਕਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਨੇ 1.35 ਅਰਬ ਡਾਲਰ ਦਾ ਮੈਗਾ ਮਿਲੀਅਨਜ਼ ਜੈਕਪਾਟ ਜਿੱਤਿਆ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਕਾਨੂੰਨੀ ਲੜਾਈ ਲੜ ਰਿਹਾ ਹੈ।

Leave a Comment