ਮੈਲਬਰਨ: ਭਾਰਤੀ ਮੂਲ ਦੇ ਆਸਟ੍ਰੇਲੀਆਈ ਕ੍ਰਿਕੇਟਰ ਨਿਖਿਲ ਚੌਧਰੀ ਨੂੰ ਜੂਰੀ ਨੇ ਰੇਪ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਨਿਖਿਲ ਚੌਧਰੀ ਬਿਗ ਬੈਸ਼ ਲੀਗ (BBL) ’ਚ ਵਾਪਸੀ ਕਰ ਸਕਦੇ ਹਨ। ਉਨ੍ਹਾਂ ’ਤੇ ਮਾਰਚ 2021 ’ਚ ਟਾਊਨਸਵਿਲੇ ’ਚ ਇੱਕ 20 ਸਾਲ ਦੀ ਔਰਤ ਨਾਲ ਕਥਿਤ ਤੌਰ ’ਤੇ ਰੇਪ ਕਰਨ ਦਾ ਦੋਸ਼ ਸੀ। BBL ਦੇ ਮਸ਼ਹੂਰ ਖਿਡਾਰੀ ਅਤੇ ਆਲ-ਰਾਊਂਡਰ ਨਿਖਿਲ ਚੌਧਰੀ ਹੁਣ ਬਿੱਗ ਬੈਸ਼ ਲੀਗ ਦੇ ਹੋਬਾਰਟ ਹੁਰੀਕੇਨਸ ਟੀਮ ’ਚ ਵਾਪਸੀ ਕਰਨ ਵਾਲੇ ਹਨ। ਪਰ ਇਸ ਦੌਰਾਨ ਉਨ੍ਹਾਂ ਸਾਹਮਣੇ ਨਵੀਂ ਪ੍ਰੇਸ਼ਾਨੀ ਆ ਗਈ ਹੈ। ਦਰਅਸਲ ਕ੍ਰਿਕੇਟ ਤਸਮਾਨੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਾਰ ਕਰਨ ਸਮੇਂ ਨੂੰ ਨਾ ਤਾਂ ਇਸ ਦੋਸ਼ ਅਤੇ ਨਾ ਹੀ ਅਦਾਲਤ ’ਚ ਕੇਸ ਦੀ ਜਾਣਕਾਰੀ ਦਿੱਤੀ ਗਈ ਸੀ। ਚੌਧਰੀ 2023 ਦੇ ਅੰਤ ’ਚ ਹੀ ਹੋਬਾਰਟ ਹੁਰੀਕੇਨਸ ਨਾਲ ਜੁੜੇ ਸਨ। ਕ੍ਰਿਕੇਟ ਤਸਮਾਨੀਆ ਦੀ ਹਾਈ ਪਰਫ਼ਾਰਮੈਂਸ ਜਨਰਲ ਮੈਨੇਜਰ ਸੈਲੀਏਨ ਬੀਮਸ ਨੇ ਕਿਹਾ ਕਿ ਫ਼ਰੈਂਚਾਇਜ਼ੀ ਅਜੇ ਵੀ ਨਿਖਿਲ ਦੇ ਮਾਮਲੇ ’ਚ ਕੁੱਝ ਅੰਦਰੂਨੀ ਪ੍ਰਕਿਰਿਆਵਾਂ ਪੂਰੀਆਂ ਕਰ ਰਹੀ ਹੈ ਅਤੇ ਉਨ੍ਹਾਂ ਨੇ ਦੋਸ਼ਾਂ ਜਾਂ ਅਦਾਲਤੀ ਕਾਰਵਾਈ ਬਾਰੇ ਨਾ ਦੱਸੇ ਜਾਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ।