ਮੈਲਬਰਨ: ਆਸਟ੍ਰੇਲੀਆਈ ਸਰਕਾਰ ਮੋਟਰ ਅਤੇ ਇਲੈਕਟ੍ਰੀਕਲ ਵਰਗੇ ਖੇਤਰਾਂ ਵਿੱਚ ਸਿਖਾਂਦਰੂਆਂ (apprentices) ਨੂੰ 10,000 ਡਾਲਰ ਤੱਕ ਦੇ ਭੁਗਤਾਨ ਦੀ ਪੇਸ਼ਕਸ਼ ਕਰਨ ਦੀ ‘ਨਿਊ ਐਨਰਜੀ’ ਯੋਜਨਾ ‘ਤੇ ਮੁੜ ਕੰਮ ਕਰ ਰਹੀ ਹੈ ਜੋ ਸਾਫ਼-ਸੁਥਰੀ ਊਰਜਾ ਦਾ ਕੰਮ ਸਿੱਖਣ ਦੇ ਇੱਛੁਕ ਹਨ। ਇਸ ਯੋਜਨਾ, ਜਿਸ ’ਚ ਪਹਿਲਾਂ ਬਹੁਤ ਘੱਟ ਨੌਜਵਾਨ ਸਿਖਾਂਦਰੂਆਂ ਦੀ ਭਰਤੀ ਹੋਈ ਸੀ, ’ਚ ਹੁਣ ਰਵਾਇਤੀ ਕਿੱਤਿਆਂ ਨੂੰ ਵੀ ਸ਼ਾਮਲ ਕਰਨ ਲਈ ਇਸ ਦੇ ਘੇਰੇ ਨੂੰ ਵੱਡਾ ਕੀਤਾ ਗਿਆ ਹੈ। ਸਿਖਾਂਦਰੂਆਂ ਨੂੰ ਸੋਲਰ ਪੈਨਲ ਲਗਾਉਣ ਜਾਂ ਇਲੈਕਟ੍ਰਿਕ ਕਾਰਾਂ ਦੀ ਮੁਰੰਮਤ ਵਰਗੇ ਸਵੱਛ ਊਰਜਾ ਨਾਲ ਸਬੰਧਤ ਕੰਮ ਸਿੱਖਣ ਲਈ ਭੁਗਤਾਨ ਕੀਤਾ ਜਾਵੇਗਾ। ਇਹ ਭੁਗਤਾਨ, ਜੋ ਪਹਿਲਾਂ 2,000 ਡਾਲਰ ਦੀਆਂ ਕਿਸ਼ਤਾਂ ਵਿੱਚ ਅਦਾ ਕੀਤਾ ਗਿਆ ਸੀ, ਹੁਣ ਸਾਲਾਨਾ ਅਤੇ ਅਪ੍ਰੈਂਟਿਸਸ਼ਿਪ ਪੂਰੀ ਹੋਣ ‘ਤੇ ਦਾਅਵਾ ਯੋਗ ਹੋਵੇਗਾ, ਬਸ਼ਰਤੇ ਕਿ ਸਿਖਾਂਦਰੂ ਨੇ ਸਵੱਛ ਊਰਜਾ ਦਾ ਕੰਮ ਚੰਗੀ ਤਰ੍ਹਾਂ ਸਿੱਖ ਲਿਆ ਹੋਵੇ। ਵਿਆਪਕ ਯੋਜਨਾ ਇਸ ਸਾਲ ਜੂਨ ਤੋਂ ਸ਼ੁਰੂ ਹੋਵੇਗੀ। ਇਸ ਕਦਮ ਨੂੰ ਸੜਕ ‘ਤੇ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਗਿਣਤੀ ਘਟਾਉਣ ਦੀਆਂ ਸਰਕਾਰ ਦੀਆਂ ਯੋਜਨਾਵਾਂ ਦੀ ਸਫਲਤਾ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।