ਮੈਲਬਰਨ: ਸਾਲ 2018 ‘ਚ ਬੀਚ ‘ਤੇ ਇੱਕ ਨੌਜਵਾਨ ਮੁਟਿਆਰ ਟੋਯਾ ਕੋਰਡਿੰਗਲੇ ਦੀ ਮੌਤ ਦੇ ਮਾਮਲੇ ’ਚ ਕੇਅਰਨਜ਼ ਸੁਪਰੀਮ ਕੋਰਟ ਅੰਦਰ ਰਾਜਵਿੰਦਰ ਸਿੰਘ ਵਿਰੁਧ ਪ੍ਰੀ-ਟਰਾਇਲ ਸ਼ੁਰੂ ਹੋ ਗਿਆ ਹੈ। ਰਾਜਵਿੰਦਰ ਸਿੰਘ, ਜਿਸ ‘ਤੇ ਮਾਰਚ 2023 ਵਿੱਚ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਨੇ ਅਪੀਲ ਦਾਇਰ ਨਹੀਂ ਕੀਤੀ ਹੈ ਪਰ ਆਪਣੀ ਬੇਗੁਨਾਹੀ ਬਣਾਈ ਰੱਖੀ ਹੈ। ਬਚਾਅ ਪੱਖ ਦੇ ਬੈਰਿਸਟਰ ਐਂਗਸ ਐਡਵਰਡਜ਼ ਕੇ.ਸੀ. ਅਤੇ ਸਰਕਾਰੀ ਵਕੀਲ ਨਾਥਨ ਕਰੇਨ ਨੇ ਸੋਮਵਾਰ ਨੂੰ ਫੋਨ ਕਵਰੇਜ ਡਾਟਾ, CCTV ਅਤੇ ਮੈਪਿੰਗ ਦੇ ਸਬੰਧ ਵਿਚ ਮਾਹਰ ਗਵਾਹਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਨੇ ਕੋਰਡਿੰਗਲੇ ਦੇ ਪਰਿਵਾਰ ਅਤੇ ਉਸ ਦੀ ਮੌਤ ਦੇ ਸਮੇਂ ਉਸ ਦੇ ਪਾਰਟਨਰ ਤੋਂ ਵੀ ਪੁੱਛਗਿੱਛ ਕੀਤੀ। ਨੀਲੇ ਰੰਗ ਦਾ ਸੂਟ ਪਹਿਨ ਕੇ ਅਦਾਲਤ ’ਚ ਬੈਠੇ ਰਾਜਵਿੰਦਰ ਸਿੰਘ ਨੂੰ ਕੁਝ ਗਵਾਹਾਂ ਦੇ ਸਬੂਤਾਂ ਦੌਰਾਨ ਨੋਟ ਲੈਂਦੇ ਵੇਖਿਆ ਗਿਆ।
ਸਾਬਕਾ ਵਕੀਲ ਨੂੰ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਭੇਜਣ ਦਾ ਫ਼ੈਸਲਾ
ਦੂਜੇ ਪਾਸੇ ਜਸਟਿਸ ਜਿਮ ਹੈਨਰੀ ਨੇ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਡੇਰੇਕ ਪਰਕਿਨਜ਼ ਨੂੰ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਭੇਜਣ ਦਾ ਫ਼ੈਸਲਾ ਕੀਤਾ ਹੈ। ਜਸਟਿਸ ਹੈਨਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਡੇਰੇਕ ਪਰਕਿਨਜ਼ ਦੇ ਮਾਮਲੇ ਨਾਲ ਨਜਿੱਠਣ ਦੇ ਤਰੀਕੇ ਦੀ ਜਾਂਚ ਦੀ ਲੋੜ ਹੈ। ਉਨ੍ਹਾਂ ਨੇ ਡੇਰੇਕ ਦੀ ਰਾਜਵਿੰਦਰ ਨੂੰ ਲਿਖੀ ਇੱਕ ਈ-ਮੇਲ ਪੜ੍ਹੀ ਜਿਸ ’ਚ ਲਿਖਿਆ ਸੀ, ‘‘ਤੇਰੀ ਦਿਖਾਵਟੀ ਈਮੇਲ ਦੇ ਮਾਮਲੇ ’ਚ ਮੈਨੂੰ ਤੇਰੀ ਮਦਦ ਕਰਨ ਦੀ ਕੋਈ ਇੱਛਾ ਨਹੀਂ ਹੈ।’’ ਜਸਟਿਸ ਹੈਨਰੀ ਨੇ ਅਦਾਲਤ ਨੂੰ ਦੱਸਿਆ, ‘‘ਮੇਰੇ ਸਾਹਮਣੇ ਮੌਜੂਦ ਸਮੱਗਰੀ ਦਰਸਾਉਂਦੀ ਹੈ ਕਿ ਪ੍ਰਕਿਰਿਆ ਦੇ ਨਵੇਂ ਪੜਾਅ ਦੌਰਾਨ ਬਚਾਅ ਪੱਖ (ਰਾਜਵਿੰਦਰ ਸਿੰਘ) ਨਾਲ ਬਹੁਤ ਘੱਟ ਸਾਰਥਕ ਸਲਾਹ-ਮਸ਼ਵਰਾ ਕੀਤਾ ਗਿਆ ਸੀ ਅਤੇ ਕੋਈ ਅਰਜ਼ੀ ਨਹੀਂ ਲਿਆਂਦੀ ਗਈ ਸੀ।’’ ਕਾਨੂੰਨੀ ਸੇਵਾਵਾਂ ਕਮਿਸ਼ਨ ਨੂੰ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਨਤੀਜੇ ਵੱਜੋਂ ਡੇਰੇਕ ਪਰਕਿਨਜ਼ ਨੂੰ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਕੇਅਰਨਜ਼ ਦੇ ਵਕੀਲ ਮਾਈਕਲ ਫਿੰਚ ਹੁਣ ਰਾਜਵਿੰਦਰ ਸਿੰਘ ਲਈ ਪੈਰਵੀ ਕਰਨਗੇ।