ਮੈਲਬਰਨ: ਆਸਟ੍ਰੇਲੀਆ 2028 ਤੱਕ ਇੱਕ ਨੈਸ਼ਨਲ ਗੰਨ ਰਜਿਸਟਰ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ 16 ਕਰੋੜ ਡਾਲਰ ਦਾ ਫੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਸਟੇਟ ਅਤੇ ਟੈਰੀਟਰੀ ਲੀਡਰਾਂ ਦੀ ਸਹਿਮਤੀ ਨਾਲ ਇਸ ਪਹਿਲ ਕਦਮੀ ਦਾ ਉਦੇਸ਼ ਹਥਿਆਰਾਂ ਅਤੇ ਉਨ੍ਹਾਂ ਦੇ ਮਾਲਕਾਂ ਬਾਰੇ ਤੁਰੰਤ ਜਾਣਕਾਰੀ ਪ੍ਰਦਾਨ ਕਰ ਕੇ ਲੋਕਾਂ ਅਤੇ ਪੁਲਿਸ ਦੀ ਸੁਰੱਖਿਆ ਨੂੰ ਵਧਾਉਣਾ ਹੈ। ਵਿਅੰਬਿੱਲਾ ’ਚ ਪੁਲਿਸ ’ਤੇ ਗੋਲੀਬਾਰੀ ਤੋਂ ਬਾਅਦ ਇਸ ਰਜਿਸਟਰ ਨੂੰ ਤਿਆਰ ਕਰਨ ਦੀ ਮੰਗ ਨੇ ਮੁੜ ਜ਼ੋਰ ਫੜਿਆ ਸੀ। ਅਟਾਰਨੀ ਜਨਰਲ ਮਾਰਕ ਡਰੇਫਸ ਨੇ ਕਿਹਾ ਕਿ ਇਹ ਰਜਿਸਟਰ ਰੀਅਲ ਟਾਈਮ ਜਾਣਕਾਰੀ ਦੀ ਉਪਲਬਧਤਾ ਵਿੱਚ ਸੁਧਾਰ ਕਰ ਕੇ ਸਾਰੇ ਆਸਟ੍ਰੇਲੀਆਈ, ਖਾਸ ਕਰ ਕੇ ਪੁਲਿਸ ਅਧਿਕਾਰੀਆਂ ਨੂੰ ਬੰਦੂਕ ਹਿੰਸਾ ਤੋਂ ਬਚਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਇਸ ਨੂੰ 1996 ਦੇ ਰਾਸ਼ਟਰੀ ਹਥਿਆਰ ਸਮਝੌਤੇ ਤੋਂ ਬਾਅਦ ਆਸਟ੍ਰੇਲੀਆ ਦੀ ਬੰਦੂਕ ਸੁਰੱਖਿਆ ਪ੍ਰਣਾਲੀ ਵਿਚ ਸਭ ਤੋਂ ਮਹੱਤਵਪੂਰਨ ਤਰੱਕੀ ਦੱਸਿਆ। ਗੈਰ-ਕਾਨੂੰਨੀ ਮਾਲਕੀ ਵਾਲੀਆਂ ਬੰਦੂਕਾਂ ਨੂੰ ਟਰੈਕ ਕਰਨ ਦੇ ਯੋਗ ਨਾ ਹੋਣ ਦੇ ਬਾਵਜੂਦ, ਡਰੇਫਸ ਦਾ ਮੰਨਣਾ ਹੈ ਕਿ ਰਜਿਸਟਰ ਸਟੇਟਸ ਨੂੰ ਕਾਗਜ਼-ਅਧਾਰਤ ਸਿਸਟਮ ਤੋਂ ਡਿਜੀਟਲ ਡਾਟਾ ਇਕੱਤਰ ਕਰਨ ਵਿੱਚ ਸਹਾਇਤਾ ਕਰੇਗਾ।
ਆਸਟ੍ਰੇਲੀਆ ’ਚ ਬਣਨ ਜਾ ਰਿਹੈ ਨੈਸ਼ਨਲ ਗੰਨ ਰਜਿਸਟਰ, ਬੰਦੂਕਾਂ ਦੀ ਮਲਕੀਅਤ ਬਾਰੇ ਪੁਲਿਸ ਨੂੰ ਮਿਲੇਗੀ ਤੁਰੰਤ ਜਾਣਕਾਰੀ
