ਸਾਨੂੰ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਅਸੀਂ ਇੱਥੇ ਨਹੀਂ ਰਹਿ ਸਕਦੇ : ਹਰਦੀਪ ਕੌਰ, ਸਿਡਨੀ ’ਚ ਘਰ ’ਤੇ ਦੋ ਵਾਰੀ ਗੋਲੀਬਾਰੀ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਪੰਜਾਬੀ ਪਰਿਵਾਰ

ਮੈਲਬਰਨ: ਸਿਡਨੀ ਦੇ ਬਲੈਕਟਾਊਨ ਵਿਚ ਇਕ ਪੰਜਾਬੀ ਮੂਲ ਦਾ ਪਰਿਵਾਰ ਆਪਣੇ ਘਰ ’ਤੇ ਪਿਛਲੇ 15 ਦਿਨਾਂ ਅੰਦਰ ਦੋ ਵਾਰੀ ਗੋਲੀਬਾਰੀ ਹੋਣ ਤੋਂ ਬਾਅਦ ਖੌਫ਼ਜ਼ਦਾ ਸਮਾਂ ਲੰਘਾ ਰਿਹਾ ਹੈ। ਹਥਿਆਰਾਂ ਨਾਲ ਲੈਸ ਅਪਰਾਧੀਆਂ ਵੱਲੋਂ ਦੋ ਵਾਰੀ ਗੋਲੀਬਾਰੀ ਦੀ ਘਟਨਾ ’ਚ ਵਾਲ-ਵਾਲ ਬਚਣ ਮਗਰੋਂ ਹੁਣ ਇਹ ਪਰਿਵਾਰ ਆਪਣੇ ਲਈ ਕਿਤੇ ਹੋਰ ਸੁਰੱਖਿਅਤ ਥਾਂ ’ਤੇ ਘਰ ਲੱਭਣ ਲਈ ਮਜਬੂਰ ਹੋ ਗਿਆ ਹੈ।

ਤਾਜ਼ਾ ਘਟਨਾ ਬੀਤੇ ਸ਼ਨੀਵਾਰ ਉਸ ਸਮੇਂ ਵਾਪਰੀ ਜਦੋਂ ਹਰਦੀਪ ਕੌਰ ਅਤੇ ਉਸ ਦਾ ਪਰਿਵਾਰ ਘਰ ਵਿੱਚ ਹੀ ਸਨ ਅਤੇ ਬੈਠੇ ਟੀ.ਵੀ. ਵੇਖ ਰਹੇ ਸਨ। ਚਲਦੀ ਕਾਰ ’ਚ ਬੈਠੇ ਅਪਰਾਧੀ ਉਨ੍ਹਾਂ ਦੇ ਘਰ ਸਾਹਮਣਿਓਂ ਲੰਘਦਿਆਂ ਗੋਲੀਬਾਰੀ ਕਰਦੇ ਹੋਏ ਚਲੇ ਗਏ। ਇੱਕ ਗੋਲੀ ਉਨ੍ਹਾਂ ਦੇ ਪੰਜ ਸਾਲ ਦੇ ਬੇਟੇ ਦੇ ਸਿਰ ਕੋਲੋਂ ਲੰਘ ਗਈ ਅਤੇ ਉਹ ਵਾਲ-ਵਾਲ ਬਚਿਆ। ਖੌਫ਼ਜ਼ਦਾ ਪਰਿਵਾਰ ਨੂੰ ਘਰ ’ਚ ਲੁਕ ਕੇ ਬੈਠਣਾ ਪਿਆ।

ਹਰਦੀਪ ਕੌਰ ਨੇ ਪੁਲਿਸ ਨੂੰ ਬੁਲਾਇਆ ਜਿਸ ਨੇ ਦੱਸਿਆ ਕਿ ਗੋਲੀਬਾਰੀ ਗ਼ਲਤ ਪਛਾਣ ਦਾ ਨਤੀਜਾ ਹੈ। CCTV ਫੁਟੇਜ ਵਿੱਚ ਗੋਲੀਬਾਰੀ ਦੇ ਸਮੇਂ ਘਟਨਾ ਵਾਲੀ ਥਾਂ ਦੇ ਨੇੜੇ ਇੱਕ ਚਿੱਟੇ ਰੰਗ ਦੀ ਫੋਰਡ ਰੇਂਜਰ ਗੱਡੀ ਦਿਸ ਰਹੀ ਸੀ ਜੋ ਬਾਅਦ ਵਿਚ ਲਾਵਾਰਸ ਛੱਡੀ ਹੋਈ ਮਿਲੀ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਵੀ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਘਰ ’ਚ ਨਹੀਂ ਸਨ ਅਤੇ ਗੋਲੀਆਂ ਉਨ੍ਹਾਂ ਦੇ ਬੈੱਡਰੂਮ ਦੀ ਖਿੜਕੀ ‘ਤੇ ਲੱਗੀਆਂ ਸਨ। ਪਰਿਵਾਰ ਹੁਣ ਰਹਿਣ ਲਈ ਇੱਕ ਨਵੀਂ ਜਗ੍ਹਾ ਦੀ ਭਾਲ ਕਰ ਰਿਹਾ ਹੈ, ਹਾਲਾਂਕਿ ਉਹ ਜਾਣਾ ਨਹੀਂ ਚਾਹੁੰਦਾ।

Leave a Comment