ਮੈਲਬਰਨ : ਕ੍ਰਿਕਟ ਪ੍ਰਸ਼ੰਸਕ ਟੀ-20 ਵਿਸ਼ਵ ਕੱਪ 2024 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 20 ਦੇਸ਼ਾਂ ਵਿਚਕਾਰ ਹੋਣ ਵਾਲਾ ਇਹ ਟੂਰਨਾਮੈਂਟ ਵੈਸਟਇੰਡੀਜ਼ ਅਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ ’ਚ 2 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਅਮਰੀਕਾ ਅਤੇ ਕੈਨੇਡਾ ਵਿਚਾਲੇ ਟੈਕਸਾਸ ਦੇ ਗ੍ਰੈਂਡ ਪ੍ਰੈਰੀ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ‘ਚ ਕ੍ਰਿਕਟ ਦੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਹੈ। ਇਸ ਲਈ ਇਸ ਕਮੀ ਨੂੰ ਪੂਰਾ ਕਰਨ ਲਈ ਕ੍ਰਿਕਟ ਖੇਡਣ ਲਈ ਐਡੀਲੇਡ ਤੋਂ ਬਣੀਆਂ-ਬਣਾਈਆਂ ਪਿਚਾਂ ਨੂੰ ਅਮਰੀਕਾ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਟੀ-20 ਵਰਲਡ ਕੱਪ ‘ਚ ਕੁੱਲ 55 ਮੈਚ ਖੇਡੇ ਜਾਣਗੇ, ਜਿਨ੍ਹਾਂ ‘ਚੋਂ 16 ਮੈਚ ਅਮਰੀਕਾ ‘ਚ ਅਤੇ 39 ਮੈਚ ਵੈਸਟਇੰਡੀਜ਼ ‘ਚ ਖੇਡੇ ਜਾਣਗੇ। ਅਮਰੀਕਾ ’ਚ ਤਿੰਨ ਥਾਵਾਂ- ਟੈਕਸਾਸ, ਨਿਊਯਾਰਕ ਅਤੇ ਫਲੋਰਿਡਾ ‘ਚ ਕੁਝ ਮੈਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਣ ਵਾਲੇ ਹਨ।
ਇਨ੍ਹਾਂ ਮੈਚਾਂ ਲਈ ਆਸਟ੍ਰੇਲੀਆ ਤੋਂ ਕਰੀਬ 14 ਹਜ਼ਾਰ ਮੀਲ ਦੂਰ ਕ੍ਰਿਕਟ ਪਿਚਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਅਮਰੀਕਾ ਭੇਜਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਐਡੀਲੇਡ ਓਵਲ ਕ੍ਰਿਕਟ ਸਟੇਡੀਅਮ ਦੇ ਪਿਚ ਕਿਊਰੇਟਰ ਡੈਮੀਅਨ ਹੋਫ ਨੇ ਇਸ ਹਫਤੇ BBC ਦੇ ਸਟੰਪਡ ਪੋਡਕਾਸਟ ‘ਤੇ ਕਿਹਾ, ‘‘ਸਾਡਾ ਉਦੇਸ਼ ਅਜਿਹੀਆਂ ਪਿਚਾਂ ਬਣਾਉਣਾ ਹੈ, ਜਿਨ੍ਹਾਂ ‘ਤੇ ਸਪੀਡ ਅਤੇ ਬਾਊਂਸ ਹੋਵੇ, ਜਿਸ ‘ਤੇ ਖਿਡਾਰੀ ਆਪਣੇ ਸ਼ਾਟ ਖੇਡ ਸਕਣ। ਅਸੀਂ ਮਜ਼ੇਦਾਰ ਕ੍ਰਿਕਟ ਚਾਹੁੰਦੇ ਹਾਂ ਪਰ ਅਸੀਂ ਇਸ ਨੂੰ ਚੁਣੌਤੀਪੂਰਨ ਵੀ ਬਣਾਉਣਾ ਚਾਹੁੰਦੇ ਹਾਂ।’’
ਇਸ ਵਾਰ ਮਲਟੀਨੈਸ਼ਨਲ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ 20 ਟੀਮਾਂ ਨੂੰ 5-5 ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਲੀਗ ਪੜਾਅ ਤੋਂ ਬਾਅਦ, ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਟੂਰਨਾਮੈਂਟ ਦੇ ਅਗਲੇ ਗੇੜ ਲਈ ਕੁਆਲੀਫਾਈ ਕਰਨਗੀਆਂ।
ਗਰੁੱਪ ਏ: ਪਾਕਿਸਤਾਨ, ਆਇਰਲੈਂਡ, ਕੈਨੇਡਾ ਅਤੇ ਅਮਰੀਕਾ
ਗਰੁੱਪ ਬੀ: ਸਕਾਟਲੈਂਡ, ਓਮਾਨ, ਇੰਗਲੈਂਡ, ਆਸਟ੍ਰੇਲੀਆ, ਨਾਮੀਬੀਆ
ਗਰੁੱਪ ਸੀ: ਨਿਊਜ਼ੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੂਆ ਨਿਊ ਗਿਨੀ
ਗਰੁੱਪ ਡੀ: ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡਜ਼, ਨੇਪਾਲ, ਦੱਖਣੀ ਅਫਰੀਕਾ