ਮੈਲਬਰਨ : ਇਕ ਸਿਕਿਉਰਟੀ ਗਾਰਡ ਫਰਾਜ਼ ਤਾਹਿਰ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਸੀ, ਜਿਨ੍ਹਾਂ ਨੂੰ 13 ਅਪ੍ਰੈਲ ਨੂੰ ਸਿਡਨੀ ਵਿਚ ਬੌਂਡੀ ਜੰਕਸ਼ਨ ਵੈਸਟਫੀਲਡ ਚਾਕੂਬਾਜ਼ੀ ਦੌਰਾਨ ਜੋਏਲ ਕਾਚੀ ਨੇ ਕਤਲ ਕਰ ਦਿੱਤਾ ਸੀ। ਫਰਾਜ਼ ਦਾ ਪਰਿਵਾਰ ਅਤੇ ਦੋਸਤ ਮਾਰਸਡੇਨ ਪਾਰਕ ਵਿਚ ਬੈਤੁਲ ਹੁਦਾ ਮਸਜਿਦ ਵਿਚ ਇਕੱਠੇ ਹੋਏ ਜਿੱਥੇ ਉਸ ਨੂੰ ਵਿਸ਼ੇਸ਼ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਏਗੀ। ਉਸ ਦੇ ਵੱਡੇ ਭਰਾ ਮੁਦਾਸਰ ਬਸ਼ੀਰ ਨੇ ਫਰਾਜ਼ ਨਾਲ ਆਪਣੀ ਆਖਰੀ ਗੱਲਬਾਤ ਸਾਂਝੀ ਕਰਦਿਆਂ ਉਸ ਨੂੰ ਬਹਾਦਰ ਅਤੇ ਆਪਣੇ ਪਰਿਵਾਰ ਦਾ ਸਭ ਤੋਂ ਮਜ਼ਬੂਤ ਵਿਅਕਤੀ ਦੱਸਿਆ। ਫਰਾਜ਼, ਜੋ ਹਾਲ ਹੀ ਵਿੱਚ ਬ੍ਰਿਸਬੇਨ ਤੋਂ ਆਇਆ ਸੀ, ਦਿਨ ਦੇ ਸਿਕਿਉਰਟੀ ਗਾਰਡ ਵਜੋਂ ਕੰਮ ਦੇ ਆਪਣੇ ਪਹਿਲੇ ਦਿਨ ਦੁਖਦਾਈ ਢੰਗ ਨਾਲ ਮਾਰਿਆ ਗਿਆ ਸੀ। ਇਕ ਹੋਰ ਸੁਰੱਖਿਆ ਗਾਰਡ ਮੁਹੰਮਦ ਤਾਹਾ, ਜਿਸ ‘ਤੇ ਵੀ ਹਮਲਾ ਕੀਤਾ ਗਿਆ ਸੀ, ਜੋ ਵ੍ਹੀਲਚੇਅਰ ‘ਤੇ ਸਮਾਰੋਹ ਵਿਚ ਸ਼ਾਮਲ ਹੋਇਆ। ਫਰਾਜ਼ ਪਾਕਿਸਤਾਨੀ ਅਹਿਮਦੀਆ ਮੁਸਲਿਮ ਭਾਈਚਾਰੇ ਦਾ ਮੈਂਬਰ ਸੀ ਅਤੇ ਉਸ ਦੀ ਕੁਰਬਾਨੀ ਨੂੰ ਭਾਈਚਾਰੇ ਦੇ ਰਾਸ਼ਟਰੀ ਪ੍ਰਧਾਨ ਇਨਾਮੁਲ ਹੱਕ ਕੌਸਰ ਨੇ ਮਾਨਤਾ ਦਿੱਤੀ ਹੈ। ਮੂਲ ਰੂਪ ਨਾਲ ਪਾਕਿਸਤਾਨ ਦਾ ਰਹਿਣ ਵਾਲਾ ਫਰਾਜ਼ ਧਾਰਮਿਕ ਤਸ਼ੱਦਦ ਤੋਂ ਬਚਣ ਲਈ ਕਰੀਬ ਇਕ ਸਾਲ ਪਹਿਲਾਂ ਸ਼੍ਰੀਲੰਕਾ ਰਸਤੇ ਆਸਟ੍ਰੇਲੀਆ ਆਇਆ ਸੀ। ਉਸ ਦਾ ਪਰਿਵਾਰ ਉਸ ਦੀ ਮੌਤ ਤੋਂ ਅਗਲੇ ਦਿਨ ਉਸ ਦੇ 31ਵੇਂ ਜਨਮਦਿਨ ‘ਤੇ ਆਸਟ੍ਰੇਲੀਆ ਪਹੁੰਚਿਆ ਸੀ।