ਮੈਲਬਰਨ : ਬ੍ਰਿਟੇਨ ਵਿਚ ਕੁੱਝ ਸਿੱਖ ਵਕੀਲਾਂ ਨੇ ਲੰਡਨ ਦੇ ਲਿੰਕਨ ਇਨ ਦੇ ਓਲਡ ਹਾਲ ਵਿਚ ਪਿਛਲੇ ਹਫਤੇ ਦੁਨੀਆ ਦੇ ਪਹਿਲੇ ਸਿੱਖ ਕੋਰਟ ਦੀ ਸ਼ੁਰੂਆਤ ਕੀਤੀ ਹੈ। ਅਦਾਲਤ ਸਿਵਲ ਅਤੇ ਫ਼ੈਮਿਲੀ ਮਾਮਲਿਆਂ ਬਾਰੇ ਸੰਵੇਦਨਸ਼ੀਲਤਾ ਨਾਲ ਨਜਿੱਠਣ ਲਈ ਇੱਕ ਬਦਲਵੇਂ ਵਿਵਾਦ ਨਿਪਟਾਰਾ ਫੋਰਮ ਵਜੋਂ ਕੰਮ ਕਰੇਗੀ। ਇਹ ਅਦਾਲਤ ਬ੍ਰਿਟੇਨ ਦੀ ਨਿਆਂ ਪ੍ਰਣਾਲੀ ਵਿਚ ਧਰਮ ਨਿਰਪੱਖ ਜੱਜਾਂ ’ਚ ਧਰਮ ਦੀਆਂ ਸੰਵੇਦਨਸ਼ੀਲਤਾਵਾਂ ਨਾਲ ਨਜਿੱਠਣ ਲਈ ਮੁਹਾਰਤ ਦੀ ਘਾਟ ਦੇ ਦਾਅਵਿਆਂ ਦੇ ਵਿਚਕਾਰ ਸ਼ੁਰੂ ਕੀਤੀ ਹੈ।
ਹਾਲਾਂਕਿ, ਅਦਾਲਤ ਦੇ ਸੰਸਥਾਪਕਾਂ ਵਿਚੋਂ ਇਕ ਅਤੇ ਲੰਡਨ ਵਿਚ ਬੈਰਿਸਟਰ ਬਲਦੀਪ ਸਿੰਘ (33) ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੋਈ ਧਾਰਮਿਕ ਟ੍ਰਿਬਿਊਨਲ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸਲਾਮ ਅਤੇ ਯਹੂਦੀ ਧਰਮ ਦੇ ਉਲਟ, ਸਿੱਖ ਧਰਮ ਦਾ ਆਪਣਾ ਕਾਨੂੰਨੀ ਕੋਡ ਨਹੀਂ ਹੈ। ਬਲਦੀਪ ਸਿੰਘ ਨੇ ਕਿਹਾ ਕਿ ਇਸ ਅਦਾਲਤ ਦਾ ਉਦੇਸ਼ ਸਿੱਖ ਸਿਧਾਂਤਾਂ ਦੇ ਅਨੁਸਾਰ ਸੰਘਰਸ਼ ਅਤੇ ਵਿਵਾਦਾਂ ਨਾਲ ਨਜਿੱਠਣ ਲਈ ਸਿੱਖ ਪਰਿਵਾਰਾਂ ਦੀ ਜ਼ਰੂਰਤ ਦੇ ਸਮੇਂ ਸਹਾਇਤਾ ਕਰਨਾ ਹੋਵੇਗਾ।