ਮੈਲਬਰਨ: ਸ਼ਰਾਬ ਨਾ ਪੀਣ ਤੋਂ ਬਾਅਦ ਵੀ ਵਾਰ-ਵਾਰ ‘ਡਰਿੰਕ ਡਰਾਈਵਿੰਗ’ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਬੈਲਜੀਅਮ ਦੇ ਇਕ 40 ਸਾਲ ਦੇ ਵਿਅਕਤੀ ਨੂੰ ਇੱਕ ਆਪਣੀ ਅਜੀਬੋ-ਗ਼ਰੀਬ ਬਿਮਾਰੀ ਦਾ ਪਤਾ ਲੱਗਾ ਹੈ। ਦਰਅਸਲ ਉਸ ਨੂੰ ਆਟੋ-ਬਰਿਊਅਰੀ ਸਿੰਡਰੋਮ (ABS) ਦੇ ਨਾਂ ਨਾਲ ਜਾਣੀ ਜਾਂਦੀ ਬਿਮਾਰੀ ਹੈ। ਇਹ ਬਿਮਾਰੀ ਉਸ ਦੇ ਪੇਟ ਵਿੱਚ ਕਾਰਬੋਹਾਈਡਰੇਟਾਂ ਨੂੰ ਫ਼ਰਮੈਂਟ (ਖਮੀਰ) ਕਰਨ ਦਾ ਕਾਰਨ ਬਣਦੀ ਹੈ, ਜਿਸ ਨਾਲ ਉਸ ਦੇ ਖੂਨ ਵਿੱਚ ਈਥਾਨੋਲ ਦਾ ਪੱਧਰਾਂ ਵਧ ਜਾਂਦਾ ਹੈ ਅਤੇ ਪੁਲਿਸ ਦੀ ਨਸ਼ਾ ਜਾਂਚ ਕਰਨ ਵਾਲੀ ਮਸ਼ੀਨ ’ਚ ਨਸ਼ੇ ਹੋਣ ਦਾ ਸੰਕੇਤ ਆਉਂਦਾ ਹੈ।
ਉਸ ਦੀ ਵਕੀਲ ਐਨਸੇ ਗੇਸਕੁਏਰ ਨੇ ਦਸਿਆ ਕਿ ਇਤਫ਼ਾਕ ਦੀ ਗੱਲ ਇਹ ਹੈ ਕਿ ਉਹ ਕੰਮ ਵੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ ’ਚ ਹੀ ਕਰਦਾ ਹੈ। ਤਿੰਨ ਸੁਤੰਤਰ ਡਾਕਟਰਾਂ ਨੇ ਉਸ ਦੀ ਇਸ ਬਿਮਾਰੀ ਦੀ ਪੁਸ਼ਟੀ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਪੂਰੀ ਦੁਨੀਆ ’ਚ ਸਿਰਫ਼ 20 ਲੋਕਾਂ ਨੂੰ ਇਹ ਬਿਮਾਰੀ ਹੈ। ਅਦਾਲਤ ਨੇ ਉਸ ਦੇ ਕੇਸ ਦੇ ਵਿਲੱਖਣ ਹਾਲਾਤ ਨੂੰ ਪਛਾਣਿਆ ਅਤੇ ਉਸ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਉਹ ਹੁਣ ਆਪਣੇ ਪੇਟ ਵਿੱਚ ਅਲਕੋਹਲ ਦੇ ਉਤਪਾਦਨ ਨੂੰ ਘਟਾਉਣ ਲਈ ਘੱਟ ਕਾਰਬੋਹਾਈਡਰੇਟ ਵਾਲੀ ਖੁਰਾਕ ਖਾ ਰਿਹਾ ਹੈ। ਜਦਕਿ ਅਦਾਲਤ ’ਚ ਸਰਕਾਰੀ ਵਕੀਲ ਨੇ ਬੇਨਤੀ ਕੀਤੀ ਕਿ ਉਹ ਕਿਸੇ ਵੀ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੇ।