ਮੈਲਬਰਨ : ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਤੜਕੇ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਇਹ ਹਮਲੇ ਤਹਿਰਾਨ ਵੱਲੋਂ ਪਿਛਲੇ ਹਫਤੇ ਉਸ ਦੇ ਖੇਤਰ ’ਚ ਕੀਤੇ ਡਰੋਨ ਹਮਲੇ ਦੇ ਜਵਾਬ ’ਚ ਕੀਤੇ ਗਏ ਹਨ। ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲੇ ਮੱਧ ਈਰਾਨ ਦੇ ਇਸਫਾਹਾਨ ਸ਼ਹਿਰ ਨੇੜੇ ਇਕ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਫਾਰਸ ਸਮਾਚਾਰ ਏਜੰਸੀ ਨੇ ਕਿਹਾ ਕਿ ਇਸਫਾਹਾਨ ਨੇੜੇ ਸ਼ੇਕਰੀ ਫੌਜੀ ਹਵਾਈ ਅੱਡੇ ਨੇੜੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ।
ਉਧਰ ਇਜ਼ਰਾਈਲ ਵੱਲੋਂ ਈਰਾਨ ‘ਤੇ ਜਵਾਬੀ ਹਮਲਾ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਉੱਥੇ ਮੌਜੂਦ ਆਸਟ੍ਰੇਲੀਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਸੁਰੱਖਿਅਤ ਹੈ ਤਾਂ ਉਹ ਹੁਣੇ ਇਜ਼ਰਾਈਲ ਛੱਡ ਦੇਣ। ਵਿਦੇਸ਼ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਫੌਜੀ ਹਮਲਿਆਂ ਦੇ ਨਤੀਜੇ ਵਜੋਂ ਏਅਰ ਟਰਾਂਸਪੋਰਟ ਬੰਦ ਹੋ ਸਕਦਾ ਹੈ, ਉਡਾਣਾਂ ਰੱਦ ਹੋ ਸਕਦੀਆਂ ਹਨ ਅਤੇ ਯਾਤਰਾ ਵਿਚ ਹੋਰ ਰੁਕਾਵਟਾਂ ਆ ਸਕਦੀਆਂ ਹਨ।