ਮੈਲਬਰਨ : ਸਿਡਨੀ ’ਚ ਭਾਰਤੀ ਮੂਲ ਦੀ ਇਕ ਨੌਜਵਾਨ ਮਾਂ ਸਵਾਸਤਿਕਾ ਚੰਦਰਾ ਨੂੰ ਉਸ ਦੇ ਨਾਮ ਕਾਰਨ ਉਬਰ ਤੋਂ ਬੈਨ ਕਰ ਦਿੱਤਾ ਗਿਆ। ਸੰਸਕ੍ਰਿਤ ਵਿੱਚ ਉਸ ਦੇ ਨਾਂ ‘ਸਵਾਸਤਿਕਾ’ ਦਾ ਮਤਲਬ ‘ਚੰਗੀ ਕਿਸਮਤ’ ਅਤੇ ‘ਖੁਸ਼ਹਾਲੀ’ ਹੁੰਦਾ ਹੈ ਅਤੇ ਫਿਜੀ, ਜਿੱਥੇ ਉਸ ਦਾ ਜਨਮ ਹੋਇਆ ਸੀ, ਵਿੱਚ ਇਹ ਇੱਕ ਆਮ ਨਾਮ ਹੈ। ਪਰ ਉਬਰ ਨੇ ਇਸ ਸ਼ਬਦ ਦੀ ਐਡੋਲਫ ਹਿਟਲਰ ਦੀ ਨਾਜ਼ੀ ਪਾਰਟੀ ਅਤੇ ਨਵ-ਨਾਜ਼ੀਆਂ ਵੱਲੋਂ ਇਸ ਦੀ ਵਰਤੋਂ ਕਾਰਨ ਆਪਣੀ ਐਪ ਦੀਆਂ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਮੰਨਿਆ।
ਇਹ ਘਟਨਾ ਇਜ਼ਰਾਈਲ-ਹਮਾਸ ਯੁੱਧ ਦੇ ਸਮੇਂ ਵਾਪਰੀ ਸੀ ਜਦੋਂ ਉਬਰ ਨੇ ‘ਸਵਾਸਤਿਕ’ ਸਮੇਤ ਸੰਭਾਵਿਤ ਅਪਮਾਨਜਨਕ ਸ਼ਬਦਾਂ ਬਾਰੇ ਨਵੀਂਆਂ ਗਾਈਡਲਾਈਨਜ਼ ਪੇਸ਼ ਕੀਤੀਆਂ ਸਨ। ਚੰਦਰਾ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਦੁਬਾਰਾ ਐਪ ਦੀ ਵਰਤੋਂ ਕਰਨ ਲਈ ਆਪਣਾ ਨਾਮ ਬਦਲਣਾ ਪਵੇਗਾ। ਪਰ ਚੰਦਰਾ ਨੇ ਨਾਮ ਬਦਲਣ ਤੋਂ ਇਨਕਾਰ ਕਰਦਿਆਂ ਇਸ ਬਾਰੇ ਜਾਗਰੂਕਤਾ ਫੈਲਾਉਣਾ ਚੰਦਾ ਸਮਝਿਆ। ਪੰਜ ਮਹੀਨਿਆਂ ਬਾਅਦ ਹੁਣ, ਉਬਰ ਨੇ ਮੁਆਫੀ ਮੰਗ ਲਈ ਹੈ ਅਤੇ ਚੰਦਰਾ ਨੂੰ ਐਪ ਦੀ ਮੁੜ ਵਰਤੋਂ ਕਰਨ ਦੀ ਛੋਟ ਦੇ ਦਿੱਤੀ ਹੈ।
ਇਹ ਫੈਸਲਾ ਆਸਟਰੇਲੀਆ ਦੀ ਚੋਟੀ ਦੀ ਹਿੰਦੂ ਸੰਸਥਾ ਹਿੰਦੂ ਕੌਂਸਲ ਦੇ ਦਖਲ ਅਤੇ ਯਹੂਦੀ ਭਾਈਚਾਰੇ ਅਤੇ NDW ਅਟਾਰਨੀ ਜਨਰਲ ਦੇ ਸਮਰਥਨ ਤੋਂ ਬਾਅਦ ਆਇਆ ਹੈ। ਯਹੂਦੀ ਬੋਰਡ ਆਫ ਡੈਪਿਊਟੀਜ਼ ਨੇ ਚੰਦਰਾ ਦੀ ਲੜਾਈ ਦਾ ਸਮਰਥਨ ਕੀਤਾ, ਚੰਦਰਾ ਦੇ ਨਾਮ ਅਤੇ ਇੱਕ ਖਤਰਨਾਕ ਚਿੰਨ੍ਹ ਵਿੱਚ ਫਰਕ ਦੱਸਿਆ ਹੈ। ਚੰਦਰਾ ਨੂੰ ਹੁਣ ਉਬੇਰ ਦੇ ਵਿਰੁੱਧ ਖੜ੍ਹੇ ਹੋਣ ਲਈ ਹਿੰਦੂ ਭਾਈਚਾਰੇ ਵੱਲਂ ਸਨਮਾਨਿਤ ਵੀ ਕੀਤਾ ਗਿਆ ਹੈ।