ਵੈਸਟਰਨ ਆਸਟ੍ਰੇਲੀਆ ’ਚ ਨਹੀਂ ਮੁੱਕ ਰਹੀ ਖਾਣ-ਪੀਣ ਦੇ ਸਾਮਾਨ ਦੀ ਕਿੱਲਤ, ਹਫ਼ਤਾ ਹੋਰ ਖ਼ਾਲੀ ਰਹਿਣਗੀਆਂ ਸ਼ੈਲਫ਼ਾਂ

ਮੈਲਬਰਨ : ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਵੈਸਟਰਨ ਆਸਟ੍ਰੇਲੀਆ ’ਚ ਖਾਣ-ਪੀਣ ਦੇ ਸਾਮਾਨ ਦੀ ਹੋਈ ਕਿੱਲਤ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੇਲ ਮਾਰਗ ਅਤੇ ਸੜਕਾਂ ਬੰਦ ਹੋਣ ਕਾਰਨ ਵੂਲਵਰਥਸ ਅਤੇ ਕੋਲਸ ਦੋਵਾਂ ਨੂੰ ਆਪਣੇ ਸਟੋਰਾਂ ਨੂੰ ਮੁੜ ਸਟਾਕ ਕਰਨ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ। ਵੂਲਵਰਥਸ ਗਰੁੱਪ ਦੇ ਸੀ.ਈ.ਓ. ਬ੍ਰੈਡ ਬਾਂਡੂਚੀ ਨੇ ਸੈਨੇਟ ਕਮੇਟੀ ਨੂੰ ਦੱਸਿਆ ਕਿ ਕੁਝ ਚੀਜ਼ਾਂ ਦੀ ਘੱਟੋ-ਘੱਟ ਅਗਲੇ 10 ਦਿਨਾਂ ਲਈ ਸਟਾਕ ਵਿੱਚ ਕਮੀ ਰਹੇਗੀ। ਨਤੀਜੇ ਵਜੋਂ, ਡੇਅਰੀ ਉਤਪਾਦਾਂ, ਮੀਟ ਅਤੇ ਹੋਰ ਗਰੋਸਰੀ ਦੇ ਸਾਮਾਨ ਦੀ ਘੱਟੋ-ਘੱਟ ਇੱਕ ਹੋਰ ਹਫ਼ਤੇ ਲਈ ਸੀਮਤ ਸਪਲਾਈ ਹੋਣ ਦੀ ਉਮੀਦ ਹੈ। ਹੜ੍ਹ ਦੀਆਂ ਘਟਨਾਵਾਂ ਨੇ ਫ਼ਰੇਟ ਨੈੱਟਵਰਕ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ। ਮਾਰਚ ਵਿਚ ਭਾਰੀ ਮੀਂਹ ਕਾਰਨ ਆਇਰ ਹਾਈਵੇਅ ਅਤੇ ਟ੍ਰਾਂਸ-ਆਸਟ੍ਰੇਲੀਆਈ ਰੇਲਵੇ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਈਸਟਰ ਸੰਡੇ ‘ਤੇ ਦੁਬਾਰਾ ਖੋਲ੍ਹਿਆ ਗਿਆ ਸੀ। ਜਿਨ੍ਹਾਂ ਚੀਜ਼ਾਂ ਦੀ ਕਿੱਲਤ ਹੋ ਗਈ ਹੈ ਉਨ੍ਹਾਂ ’ਚ ਆਟਾ, ਬਰੈੱਡ, ਬਦਾਮ, ਟਮਾਟਰ, ਡੇਲੀ ਅਤੇ ਡੇਅਰੀ ਦਾ ਸਾਮਾਨ ਅਤੇ ਜੰਮੀਆਂ ਹੋਈਆਂ ਚੀਜ਼ਾਂ ਸ਼ਾਮਲ ਹਨ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਚੁਕੰਦਰ, ਪਾਸਤਾ, ਗਲੂਟਨ ਮੁਕਤ ਚੀਜ਼ਾਂ, ਬੋਤਲਬੰਦ ਪਾਣੀ ਅਤੇ ਪਾਲਤੂ ਜਾਨਵਰਾਂ ਦੇ ਉਤਪਾਦਾਂ ਦੀ ਘਾਟ ਦੀ ਵੀ ਰਿਪੋਰਟ ਕੀਤੀ ਹੈ।

Leave a Comment