ਮੈਲਬਰਨ : 29 ਜਨਵਰੀ ਨੂੰ ਆਪਣੇ ਪਾਈਨ ਹਿੱਲ ਸਥਿਤ ਘਰ ‘ਚ ਮਾਰੇ ਗਏ ਡੁਨੇਡਿਨ ਵਾਸੀ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਓਟਾਗੋ ਪੰਜਾਬੀ ਫਾਊਂਡੇਸ਼ਨ ਟਰੱਸਟ ਵੱਲੋਂ ਇਕੱਠੇ ਕੀਤੇ ਗਏ 46,308 ਡਾਲਰ ਦੀ ਰਕਮ ਭੇਜੀ ਜਾਵੇਗੀ, ਜਿਸ ਵਿਚ Givealittle ਪੇਜ ਤੋਂ ਇਕੱਠੇ ਕੀਤੇ ਫੰਡ ਅਤੇ ਗੁਰਜੀਤ ਸਿੰਘ ਦੇ ਇੰਪਲੋਏਅਰ Downer New Zealand ਵੱਲੋਂ ਦਿੱਤੇ 2500 ਡਾਲਰ ਸ਼ਾਮਲ ਹਨ।
27 ਸਾਲਾਂ ਦੇ ਗੁਰਜੀਤ ਸਿੰਘ ਦਾ ਵਿਆਹ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਹੀ ਭਾਰਤ ‘ਚ ਹੋਇਆ ਸੀ। ਉਹ ਭਾਰਤ ਵਿੱਚ ਆਪਣੇ ਪਰਿਵਾਰ ਲਈ ਇਕਲੌਤਾ ਕਮਾਉਣ ਵਾਲਾ ਸੀ, ਜਿਸ ਵਿੱਚ ਉਸ ਦੇ ਪਿਤਾ, ਮਾਤਾ, ਤਿੰਨ ਭੈਣਾਂ ਅਤੇ ਪਤਨੀ ਸ਼ਾਮਲ ਸਨ। ਟਰੱਸਟ ਦੇ ਮੈਂਬਰ ਨਰਿੰਦਰਵੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਅਜੇ ਵੀ ਆਪਣੇ ਬੇਟੇ ਦੀ ਮੌਤ ਨਾਲ ਪਏ ਘਾਟੇ ਨੂੰ ਦੂਰ ਕਰਨ ਵਿੱਚ ਅਸਮਰੱਥ ਸਨ। ਨਰਿੰਦਰਵੀਰ ਸਿੰਘ ਨੇ ਕਿਹਾ ਕਿ ਪਰਿਵਾਰ ਅਜੇ ਵੀ ਸਵਾਲ ਕਰ ਰਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਕਿਉਂ ਮਾਰਿਆ ਗਿਆ। ਨਰਿੰਦਰਵੀਰ ਸਿੰਘ ਨੇ ਕਿਹਾ ਕਿ ਗੁਰਜੀਤ ਸਿੰਘ ਦੀ ਇਕ ਅਣਵਿਆਹੀ ਭੈਣ ਹੈ ਅਤੇ ਉਸ ਦਾ ਸੁਪਨਾ ਆਪਣੀ ਭੈਣ ਦਾ ਵਿਆਹ ਧੂਮ-ਧੜੱਕੇ ਨਾਲ ਕਰਨਾ ਦਾ ਸੀ। ਇਕੱਠੇ ਕੀਤੇ ਫੰਡ ਉਸ ਦੇ ਵਿਆਹ ਦੀ ਲਾਗਤ ਪੂਰੀ ਕਰਨ ਲਈ ਮਦਦ ਕਰਨਗੇ।