ਮੈਲਬਰਨ : ਪੱਛਮੀ ਸਿਡਨੀ ਦੇ ਵੇਕਲੇ ‘ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ ਚਰਚ’ ਅੰਦਰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਨੂੰ NSW ਪੁਲਿਸ ਨੇ ‘ਅਤਿਵਾਦੀ ਘਟਨਾ’ ਕਰਾਰ ਦਿਤਾ ਹੈ। ਹਮਲਾ ਕਰਨ ਵਾਲਾ ਇਕ 16 ਸਾਲ ਦਾ ਲੜਕਾ ਹਿਰਾਸਤ ‘ਚ ਹੈ। ਇਹ ਹਮਲਾ ਇੱਕ ਪ੍ਰਾਰਥਨਾ ਸਭਾ ਦੀ ਲਾਈਵ ਸਟ੍ਰੀਮਿੰਗ ਦੌਰਾਨ ਹੋਇਆ ਸੀ ਜਿਸ ਦੌਰਾਨ ਨਾਬਾਲਗ ਮੁੰਡੇ ਨੂੰ ਬਿਸ਼ਪ ਮਾਰ ਮਾਰੀ ਇਮੈਨੁਅਲ ਸਮੇਤ ਕਈ ਹੋਰਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿਤਾ। ਇਸ ਹਮਲੇ ਤੋਂ ਬਾਅਦ ਚਰਚ ਦੇ ਨੇੜੇ ਸੜਕਾਂ ‘ਤੇ ਵੱਡੀ ਭੀੜ ਇਕੱਠੀ ਹੋ ਗਈ ਜਿਸ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰ ਰਹੇ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ NSW ਪ੍ਰੀਮੀਅਰ ਕ੍ਰਿਸ ਮਿਨਸ ਦੋਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਹਮਲੇ ਤੋਂ ਬਾਅਦ ਹਿੰਸਾ ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਅਲਬਾਨੀਜ਼ ਨੇ ਜ਼ੋਰ ਦੇ ਕੇ ਕਿਹਾ ਕਿ ਆਸਟ੍ਰੇਲੀਆ ਸ਼ਾਂਤੀ ਪਸੰਦ ਦੇਸ਼ ਹੈ ਅਤੇ ਹਿੰਸਕ ਅੱਤਵਾਦ ਲਈ ਕੋਈ ਜਗ੍ਹਾ ਨਹੀਂ ਹੈ। NSW ਪੁਲਿਸ ਕਮਿਸ਼ਨਰ ਕੈਰੇਨ ਵੈੱਬ ਨੇ ਚੇਤਾਵਨੀ ਦਿੱਤੀ ਕਿ ਦੰਗਾ ਕਰਨ ਵਾਲਿਆਂ ‘ਤੇ ਵੀ ਮੁਕੱਦਮਾ ਚਲਾਇਆ ਜਾਵੇਗਾ।
ਬੀਤੇ ਸ਼ਨੀਵਾਰ ਸਿਡਨੀ ਦੇ ਹੀ ਵੈਸਟਫੀਲਡ ਬੌਂਡੀ ਜੰਕਸ਼ਨ ‘ਤੇ ਚਾਕੂ ਮਾਰਨ ਦੇ ਹਮਲੇ ਤੋਂ ਬਾਅਦ ਸਿਡਨੀ ਪਹਿਲਾਂ ਹੀ ਸਦਮੇ ’ਚ ਸੀ। ਵੇਕਲੇ ਸਿਡਨੀ ਦੇ ਛੋਟੇ ਈਸਾਈ ਅਸੀਰੀਅਨ ਭਾਈਚਾਰੇ ਦਾ ਕੇਂਦਰ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਰਾਕ ਅਤੇ ਸੀਰੀਆ ਵਿੱਚ ਤਸ਼ੱਦਦ ਅਤੇ ਯੁੱਧ ਤੋਂ ਭੱਜ ਕੇ ਆਏ ਹਨ।