ਮੈਲਬਰਨ : ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਸੈਂਟਰ (Bondi Junction shopping centre) ‘ਚ ਦੁਪਹਿਰ 3:30 ਵਜੇ ਦੇ ਕਰੀਬ ਚਾਕੂ ਮਾਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਸਿਡਨੀ ਦੇ ਪੂਰਬੀ ਇਲਾਕੇ ‘ਚ ਭੜਥੂ ਪੈ ਗਿਆ। ਹਮਲੇ ’ਚ ਘੱਟ ਤੋਂ ਘੱਟ 6 ਜਣਿਆਂ ਦੀ ਮੌਤ ਹੋਣ ਅਤੇ 8 ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮਰਨ ਵਾਲਿਆਂ ’ਚ 5 ਔਰਤਾਂ ਅਤੇ ਇੱਕ ਆਦਮੀ ਸ਼ਾਮਲ ਹਨ। ਜ਼ਖ਼ਮੀਆਂ ’ਚ ਇੱਕ 9 ਮਹੀਨੇ ਦਾ ਬੱਚਾ ਵੀ ਹੈ। ਪੁਲਿਸ ਦੁਪਹਿਰ 3:45 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੀ। ਸੋਸ਼ਲ ਮੀਡੀਆ ਜ਼ਰੀਏ ਮਿਲੇ ਵੀਡੀਓ ’ਚ ਲੋਕ ਭੱਜਦੇ ਹੋਏ ਸ਼ਾਪਿੰਡ ਸੈਂਟਰ ’ਚੋਂ ਬਾਹਰ ਨਿਕਲਦੇ ਨਜ਼ਰ ਆਏ। ਇੱਕ ਚਸ਼ਮਦੀਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸ਼ਾਪਿੰਗ ਸੈਂਟਰ ’ਚ ਇੱਕ 40 ਕੁ ਸਾਲ ਦੇ ਵਿਅਕਤੀ ਨੇ ਬਗ਼ੈਰ ਕਿਸੇ ਕਾਰਨ ਲੋਕਾਂ ਨੂੰ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਹਮਲਾਵਰ ਨੂੰ ਇੱਕ ਮਹਿਲਾ ਪੁਲਿਸ ਅਫ਼ਸਰ ਨੇ ਮਾਰ ਮੁਕਾਇਆ, ਜਿਸ ’ਤੇ ਵੀ ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਐਂਬੂਲੈਂਸ ਦੀਆਂ ਕਈ ਗੱਡੀਆਂ ਸ਼ਾਪਿੰਗ ਸੈਂਟਰ ਦੇ ਦਰਵਾਜ਼ੇ ‘ਤੇ ਦਿਖਾਈ ਦੇ ਰਹੀਆਂ ਸਨ। ਕਈ ਪੁਲਿਸ ਦੀਆਂ ਕਾਰਾਂ ਅਤੇ ਹੈਲੀਕਾਪਟਰ ਵੀ ਮੌਕੇ ’ਤੇ ਮੌਜੂਦ ਦਿਸੇ।