ਮੈਲਬਰਨ: ਆਨਲਾਈਨ ਟੈਕਸੀ ਬੁਕ ਕਰਨ ਦੀ ਸੇਵਾ ਦੇਣ ਵਾਲੀ ਕੰਪਨੀ OLA ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਆਪਣੇ ਕੰਮਕਾਜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਇੰਡੀਆ ਵਿੱਚ ਆਪਣੇ ਕਾਰੋਬਾਰ ‘ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ। OLA ਦੇ ਪ੍ਰਮੋਟਰ ANI ਟੈਕਨੋਲੋਜੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੂੰ ਇੰਡੀਆ ਵਿੱਚ ਵਿਸਥਾਰ ਕਰਨ ਦੀ ਬਹੁਤ ਸੰਭਾਵਨਾ ਨਜ਼ਰ ਆ ਰਹੀ ਹੈ। OLA ਮੋਬਿਲਿਟੀ ਦੇ ਬੁਲਾਰੇ ਨੇ ਕਿਹਾ, ‘‘ਯੂ.ਕੇ., ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਆਪਣੇ ‘ਰਾਈਡ-ਹੇਲਿੰਗ’ (ਆਨਲਾਈਨ ਟੈਕਸੀ ਬੁਕਿੰਗ ਸੇਵਾ) ਨੂੰ ਮੌਜੂਦਾ ਰੂਪ ਵਿਚ ਬੰਦ ਕਰਨ ਦਾ ਫੈਸਲਾ ਕੀਤਾ ਹੈ।’’ ਕੰਪਨੀ ਨੇ 2018 ਵਿੱਚ ਵੱਖ-ਵੱਖ ਪੜਾਵਾਂ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਅਨੁਸਾਰ ਵਿੱਤੀ ਸਾਲ 2022-23 ‘ਚ ANI ਟੈਕਨਾਲੋਜੀਜ਼ ਦਾ ਸ਼ੁੱਧ ਘਾਟਾ ਘੱਟ ਕੇ 772.25 ਕਰੋੜ ਰੁਪਏ ਰਹਿ ਗਿਆ। ਵਿੱਤੀ ਸਾਲ 2022-23 ‘ਚ ਕੰਪਨੀ ਦੀ ਸੰਚਾਲਨ ਆਮਦਨ ਲਗਭਗ 48 ਫੀਸਦੀ ਵਧ ਕੇ 2,481.35 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ‘ਚ 1,679.54 ਕਰੋੜ ਰੁਪਏ ਸੀ।