ਇਮੀਗਰੇਸ਼ਨ ਨਿਊਜ਼ੀਲੈਂਡ ਦਾ ਇੰਡੀਅਨ ਸਟੂਡੈਂਟਸ ਨੂੰ ਵੱਡਾ ਝਟਕਾ, ਕਰੀਬ 50% ਐਪਲੀਕੇਸ਼ਨਾਂ ਰੱਦ, ਸਟੱਡੀ ਵੀਜ਼ੇ ਤੋਂ ਨਾਂਹ

ਆਕਲੈਂਡ (Sea7 Australia Correspondent):  ਆਸਟ੍ਰੇਲੀਆ ਵੱਲੋਂ ਕੀਤੀ ਜਾ ਸਖਤੀ ਦਰਮਿਆਨ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵੀ ਇੰਡੀਅਨ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ। ਚੱਲ ਰਹੇ ਸਾਲ 2024 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਇਮੀਗਰੇਸ਼ਨ ਨੇ ਇੰਡੀਆ ਨਾਲ ਸਬੰਧਤ ਸਟੱਡੀ ਵੀਜ਼ੇ ਵਾਸਤੇ ਆਈਆਂ 49% ਐਪਲੀਕੇਸ਼ਨਾਂ ਰੱਦ ਕਰ ਦਿੱਤੀਆਂ ਹਨ। ਜਿਸ ਨਾਲ ਨਿਊਜ਼ੀਲੈਂਡ `ਚ ਸਟੱਡੀ ਕਰਨ ਦੇ ਚਾਹਵਾਨ ਹਜ਼ਾਰਾਂ ਸਟੂਡੈਂਟਸ ਦਾ ਸੁਪਨਾ ਟੁੱਟ ਗਿਆ ਹੈ। ਇਮੀਗਰੇਸ਼ਨ ਸਲਾਹਕਾਰਾਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਜਾਅਲੀ ਦਸਤਵੇਜ਼ਾਂ ਰਾਹੀਂ ਸਟੱਡੀ ਵੀਜ਼ੇ ਹਾਸਲ ਕਰਨ ਵਾਲੇ ਕੇਸ ਸਾਹਮਣ ਆਏ ਸਨ, ਜਿਸ ਕਰਕੇ ਇਮੀਗਰੇਸ਼ਨ ਸਖ਼ਤੀ ਕਰ ਰਹੀ ਹੈ।

ਇਮੀਗਰੇਸ਼ਨ ਦੇ ਅੰਕੜਿਆਂ ਅਨੁਸਾਰ ਚੱਲ ਰਹੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਇੰਡੀਆ ਤੋਂ 2694 ਸਟੂਡੈਂਟਸ ਨੇ ਸਟੱਡੀ ਵਾਸਤੇ ਅਪਲਾਈ ਕੀਤਾ ਸੀ, ਜਿਨ੍ਹਾਂ ਚੋਂ 49% ਐਪਲੀਕੇਸ਼ਨਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਈਆਂ ਐਪਲੀਕੇਸ਼ਨਾਂ ਰੱਦ ਕਰਨ ਦੀ ਦਰ ਇੰਡੀਆ ਨਾਲੋਂ ਵੀ ਜਿਆਦਾ ਹੈ। ਜਦੋਂ ਕਿ ਚਾਈਨਾ ਤੋਂ ਅਪਲਾਈ ਕੀਤੀਆਂ ਸਟੱਡੀ ਵੀਜ਼ੇ ਵਾਲੀਆਂ ਐਪਲੀਕੇਸ਼ਨਾਂ ਚੋਂ ਸਿਰਫ਼ ਸਾਢੇ 3% ਐਪਲੀਕੇਸ਼ਨਾਂ ਹੀ ਰੱਦ ਹੋਈਆਂ ਹਨ।

ਇਮੀਗਰੇਸ਼ਨ ਅਨੁਸਾਰ ਜ਼ਿਆਦਾਤਰ ਐਪਲੀਕੇਸ਼ਨਾਂ ਅਜਿਹੀਆਂ ਰੱਦ ਕੀਤੀਆਂ ਗਈਆਂ ਹਨ, ਜੋ ਪ੍ਰਾਈਵੇਟ ਕਾਲਜਾਂ ਅਤੇ ਪਾਲੀਟੈਕਨਿਕ ਅਦਾਰਿਆਂ ਨਾਲ ਸਬੰਧਤ ਸਨ। ਯੂਨੀਵਰਸਿਟੀਆਂ ਦੀ ਔਫਰ ਵਾਲੀਆਂ ਐਪਲੀਕੇਸ਼ਨਾਂ ਸਿਰਫ਼ 5% ਹੀ ਰੱਦ ਕੀਤੀਆਂ ਗਈਆਂ ਹਨ।

ਇਮੀਗਰੇਸ਼ਨ ਐਡਵਾਈਜ਼ਰ ਅਰਨਿਮਾ ਢੀਂਗਰਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਤੰਬਰ ਤੋਂ ਲੈ ਕੇ ਇਸ ਸਾਲ ਫਰਵਰੀ ਤੱਕ ਇੰਡੀਆ ਨਾਲ ਸਬੰਧਤ 57% ਐਪਲੀਕੇਸ਼ਨਾਂ ਰੱਦ ਹੋਈਆਂ ਸਨ, ਜਦੋਂ ਕਿ ਉਨ੍ਹਾਂ ਚੋਂ 87 % ਸਟੂਡੈਂਟਸ ਨੇ ਯੂਨੀਵਰਸਿਟੀ `ਚ ਪੜ੍ਹਾਈ ਲਈ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਾਅਲਸਾਜ਼ੀ ਵਾਲੇ ਕੇਸ ਸਾਹਮਣੇ ਆਏ ਸਨ। ਪਰ ਇਮੀਗਰੇਸ਼ਨ ਨੂੰ ਆਪਣੀ ਪਾਲਿਸੀ ਸਹੀ ਕਰਨੀ ਚਾਹੀਦੀ ਹੈ, ਕਿਉਂਕਿ ਸਚਮੁੱਚ ਸਟੱਡੀ ਵੀਜ਼ਾ ਹਾਸਲ ਕਰਕੇ ਨਿਊਜ਼ੀਲੈਂਡ `ਚ ਪੜ੍ਹਾਈ ਕਰਨ ਦੇ ਚਾਹਵਾਨ ਇੰਡੀਅਨ ਸਟੂਡੈਂਟਸ ਦਾ ਨੁਕਸਾਨ ਹੋ ਰਿਹਾ ਹੈ।

Leave a Comment