ਮੈਲਬਰਨ: ਆਸਟ੍ਰੇਲੀਆਈ ਨੇਵੀ ਦੇ ਮੁਖੀ ਵਾਈਸ ਐਡਮਿਰਲ ਮਾਰਕ ਹੈਮੰਡ ਇੰਡੀਆ ਦੀ ਯਾਤਰਾ ’ਤੇ ਹਨ। 3 ਅਪ੍ਰੈਲ ਨੂੰ ਉਨ੍ਹਾਂ ਨੇ ਇੰਡੀਆ ਪਹੁੰਚ ਕੇ ਨਵੀਂ ਦਿੱਲੀ ਵਿੱਚ ਭਾਰਤੀ ਨੇਵੀ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨਾਲ ਗੱਲਬਾਤ ਕੀਤੀ। ਦੋਹਾਂ ਨੇਵੀ ਮੁਖੀਆਂ ਵਿਚਾਲੇ ਗੱਲਬਾਤ ਦਾ ਕੇਂਦਰ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ‘ਤੇ ਸੀ, ਜਿਸ ਵਿਚ ਆਪਰੇਸ਼ਨਲ ਸਹਿਯੋਗ, ਸਿਖਲਾਈ ਅਦਾਨ-ਪ੍ਰਦਾਨ, ਸੂਚਨਾ ਸਾਂਝੀ ਕਰਨਾ ਆਦਿ ਸ਼ਾਮਲ ਹਨ।
ਉਨ੍ਹਾਂ ਦੁਵੱਲੇ ਫੌਜੀ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਲਾਲ ਸਾਗਰ ਵਿਚ ਹੂਤੀ ਅੱਤਵਾਦੀਆਂ ਵੱਲੋਂ ਵਪਾਰਕ ਜਹਾਜ਼ਾਂ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਨ ਲਈ ਵਿਆਪਕ ਗੱਲਬਾਤ ਕੀਤੀ। ਪਿਛਲੇ ਕੁਝ ਮਹੀਨਿਆਂ ‘ਚ ਲਾਲ ਸਾਗਰ ‘ਚ ਵੱਖ-ਵੱਖ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹੂਤੀ ਅੱਤਵਾਦੀਆਂ ਨੂੰ ਲੈ ਕੇ ਗਲੋਬਲ ਚਿੰਤਾਵਾਂ ਵਧੀਆਂ ਹਨ। ਇਸ ਤੋਂ ਪਹਿਲਾਂ ਵਾਈਸ ਐਡਮਿਰਲ ਮਾਰਕ ਹੈਮੰਡ ਨੇ ਰਾਸ਼ਟਰੀ ਯੁੱਧ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਤੋਂ ਬਾਅਦ ਨਵੀਂ ਦਿੱਲੀ ਦੇ ਸਾਊਥ ਬਲਾਕ ‘ਚ ਭਾਰਤੀ ਨੇਵੀ ਵੱਲੋਂ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ। ਰੌਇਲ ਆਸਟ੍ਰੇਲੀਆਈ ਨੇਵੀ ਮੁਖੀ 02 ਤੋਂ 06 ਅਪ੍ਰੈਲ ਤੱਕ ਨਵੀਂ ਦਿੱਲੀ ਵਿੱਚ ਆਪਣੀ ਯਾਤਰਾ ਦੌਰਾਨ ਫੌਜ ਮੁਖੀ, ਹਵਾਈ ਫ਼ੌਜ ਮੁਖੀ ਅਤੇ ਡਿਫ਼ੈਂਸ ਸੈਕਟਰੀ ਨਾਲ ਵੀ ਮੁਲਾਕਾਤ ਕਰਨਗੇ।