ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਆਇਆ ਜਿਸ ਦਾ ਕੇਂਦਰ ਹੁਆਲੀਨ ਕਾਊਂਟੀ ਸੀ। ਤਾਈਵਾਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਇਸ ਦੀ ਤੀਬਰਤਾ 7.2 ਦੱਸੀ ਹੈ ਜਦਕਿ ਅਮਰੀਕੀ ਭੂ-ਵਿਗਿਆਨਸਰਵੇਖਣ ਨੇ ਇਸ ਦੀ ਤੀਬਰਤਾ 7.4 ਦੱਸੀ ਹੈ। ਸਥਾਨਕ ‘ਯੂਨਾਈਟਿਡ ਡੇਲੀ ਨਿਊਜ਼’ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਦੇ ਨੇੜੇ ਤਾਰੋਕੋ ਨੈਸ਼ਨਲ ਪਾਰਕ ਵਿਚ ਚੱਟਾਨ ਖਿਸਕਣ ਕਾਰਨ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ। ਭੂਚਾਲ ਏਨਾ ਤਾਕਤਵਰ ਸੀ ਕਿ ਹੁਆਲੀਨ ਵਿਚ ਇਕ ਪੰਜ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਢਹਿ ਗਈ ਅਤੇ ਬਾਕੀ 45 ਡਿਗਰੀ ਕੋਣ ‘ਤੇ ਝੁਕ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਆਉਣ ਦੇ ਕਰੀਬ 15 ਮਿੰਟ ਬਾਅਦ ਯੋਨਾਗੁਨੀ ਟਾਪੂ ਦੇ ਤੱਟ ‘ਤੇ 30 ਸੈਂਟੀਮੀਟਰ ਦੀ ਸੁਨਾਮੀ ਦੀ 1 ਫ਼ੁੱਟ ਉੱਚੀ ਲਹਿਰ ਦਾ ਪਤਾ ਲੱਗਾ। ਇਸ਼ੀਗਾਕੀ ਅਤੇ ਮਿਆਕੋ ਟਾਪੂਆਂ ਵਿੱਚ ਵੀ ਛੋਟੀਆਂ ਸੁਨਾਮੀ ਲਹਿਰਾਂ ਮਾਪੀਆਂ ਗਈਆਂ।