ਮੈਲਬਰਨ: ਗੋਲਡ ਕੋਸਟ ’ਚ ਸਰਫਰਸ ਪੈਰਾਡਾਈਜ਼ ਹੋਟਲ ਦੇ ਪੂਲ ਵਿੱਚ ਦੋ ਪੰਜਾਬ ਮੂਲ ਦੇ ਵਿਅਕਤੀਆਂ ਦੀ ਡੁਬਣ ਕਾਰਨ ਮੌਤ ਹੋ ਗਈ। ਉਹ ਕਥਿਤ ਤੌਰ ‘ਤੇ ਪਾਣੀ ਵਿੱਚ ਡਿੱਗੀ ਇਕ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਐਤਵਾਰ ਸ਼ਾਮ ਕਰੀਬ 6:45 ਵਜੇ ਮਾਰਕ ਹੋਲੀਡੇ ਅਪਾਰਟਮੈਂਟ ਦੀ ਛੱਤ ‘ਤੇ ਬਣੇ ਸਵੀਮਿੰਗ ਪੂਲ ’ਚ ਇਕ ਦੋ ਸਾਲ ਦੀ ਬੱਚੀ ਫਿਸਲ ਗਈ ਅਤੇ ਪੂਲ ਵਿਚ ਡਿੱਗ ਗਈ। ਬੱਚੀ ਦੀ ਮਾਂ ਉਸ ਨੂੰ ਬਚਾਉਣ ਲਈ ਦੌੜੀ ਪਰ ਉਹ ਤੈਰ ਨਹੀਂ ਸਕਦੀ ਸੀ, ਇਸ ਲਈ ਬੱਚੀ ਦਾ ਪਿਤਾ ਧਰਮਵੀਰ ਸਿੰਘ ਅਤੇ ਦਾਦਾ ਗੁਰਜਿੰਦਰ ਸਿੰਘ ਹਰਕਤ ਵਿੱਚ ਆ ਗਏ। ਮਾਂ ਅਤੇ ਬੱਚੀ ਦੋਵੇਂ ਸੁਰੱਖਿਅਤ ਵਾਪਸ ਪਰਤਣ ਵਿਚ ਸਫਲ ਰਹੇ, ਜਦੋਂ ਕਿ ਬੱਚੀ ਦਾ 38 ਸਾਲ ਦਾ ਪਿਤਾ ਅਤੇ 65 ਸਾਲ ਦਾ ਦਾਦਾ ਦੋਵੇਂ ਡੁੱਬਣ ਕਾਰਨ ਮਾਰੇ ਗਏ। ਐਮਰਜੈਂਸੀ ਸੇਵਾਵਾਂ ਥੋੜ੍ਹੀ ਦੇਰ ਬਾਅਦ ਮੌਕੇ ‘ਤੇ ਪਹੁੰਚੀਆਂ ਅਤੇ ਦੋਹਾਂ ਨੂੰ ਪੂਲ ‘ਚ ਬੇਹੋਸ਼ ਪਾਇਆ। ਪੈਰਾਮੈਡਿਕਸ ਅਤੇ ਇੱਕ ਆਫ-ਡਿਊਟੀ ਡਾਕਟਰ ਨੇ CPR ਕੀਤਾ, ਪਰ ਕਿਸੇ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਿਆ।
ਇਹ ਪਰਿਵਾਰ ਵਿਕਟੋਰੀਆ ਤੋਂ ਇੱਥੇ ਛੁੱਟੀਆਂ ਮਨਾਉਣ ਆਇਆ ਸੀ। ਨੇੜਲੀ ਬਿਲਡਿੰਗ ’ਚ ਰਹਿੰਦੇ ਇੱਕ ਚਸ਼ਮਦੀਦ ਨੇ ਘਟਨਾ ਵਾਪਰਦੀ ਵੇਖੀ ਅਤੇ ਇਸ ਨੂੰ ‘ਬਹੁਤ ਭਿਆਨਕ’ ਦਸਿਆ। ਇਮਾਰਤ ਦੀ ਵਸਨੀਕ ਐਲੀ ਅਲਵੀ ਨੇ ਕਿਹਾ ਕਿ ਉਹ ਡੁੱਬਣ ਦੀ ਘਟਨਾ ਤੋਂ ਬਾਅਦ ਆਈ ਸੀ, ਪਰ ਅਜਿਹਾ ਜਾਪਦਾ ਸੀ ਕਿ ਆਦਮੀ ਪੂਰੀ ਤਰ੍ਹਾਂ ਕੱਪੜੇ ਪਹਿਨ ਕੇ ਪੂਲ ਵਿੱਚ ਛਾਲ ਮਾਰ ਗਏ ਸਨ। ਉਸ ਨੇ ਕਿਹਾ, ‘‘ਮੈਂ ਬੀਤੀ ਰਾਤ ਸੌਂ ਨਹੀਂ ਸਕੀ, ਇਹ ਸਦਮਾ ਦੇਣ ਵਾਲੀ ਘਟਨਾ ਸੀ।’’