ਭਾਰਤ : ਉੱਤਰਾਖੰਡ ’ਚ ਸਵੇਰਸਾਰ ਬਾਬਾ ਤਰਸੇਮ ਸਿੰਘ ਦਾ ਕਤਲ, ਜਾਣੋ ਕੌਣ ਸਨ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ

ਮੈਲਬਰਨ: ਅੱਜ ਸਵੇਰੇ 6:30 ਵਜੇ ਦੇ ਲਗਭਗ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ। ਗੁਰਦੁਆਰਾ ਨਾਨਕਮੱਤਾ ਸਾਹਿਬ ਭਾਰਤ ਦੇ ਉੱਤਰ ’ਚ ਸਥਿਤ ਸਟੇਟ ਉੱਤਰਾਖੰਡ ਦੇ ਜ਼ਿਲ੍ਹੇ ਊਧਮ ਸਿੰਘ ਨਗਰ ’ਚ ਰੁਦਰਪੁਰ-ਟਨਕਪੁਰ ਮਾਰਗ ‘ਤੇ ਸਥਿਤ ਇੱਕ ਸਤਿਕਾਰਯੋਗ ਸਿੱਖ ਅਸਥਾਨ ਹੈ। ਪੁਲੀਸ ਅਨੁਸਾਰ ਬਾਬਾ ਤਰਸੇਮ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਖਟੀਮਾ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀਆਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉੱਤਰਾਖੰਡ ਪੁਲੀਸ ਹੈੱਡਕੁਆਰਟਰ ਨੇ ਵਿਸ਼ੇਸ਼ ਟਾਸਕ ਫੋਰਸ ਅਤੇ ਸਥਾਨਕ ਪੁਲੀਸ ਦੇ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ।

ਸੂਤਰਾਂ ਅਨੁਸਾਰ ਬਾਬਾ ਤਰਸੇਮ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਦਾ ਸਬੰਧ ਪੰਜਾਬ ਨਾਲ ਹੈ। ਇਹ ਕਤਲ ਕਾਰ ਸੇਵਾ ਜਾਂ ਧਾਰਮਿਕ ਸਥਾਨਾਂ ਨਾਲ ਜੁੜੇ ਵਿਵਾਦਾਂ ਕਾਰਨ ਕੀਤੇ ਜਾਣ ਦਾ ਸ਼ੱਕ ਹੈ। ਬਾਬਾ ਤਰਸੇਮ ਸਿੰਘ ਜਿਸ ਡੇਰੇ ਦੇ ਪ੍ਰਮੁੱਖ ਸਨ ਉਸ ਵੱਲੋਂ ਸਕੂਲਾਂ ਅਦੇ ਗੁਰਦੁਆਰਿਆਂ ’ਚ ਸੇਵਾ ਤੋਂ ਇਲਾਵਾ ਅਤੇ ਕਿਸੇ ਤਰ੍ਹਾਂ ਦੀ ਬਿਪਤਾ ਦੌਰਾਨ ਲੰਗਰ ਅਤੇ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਹੈ। ਹਾਲਾਂਕਿ ਅਗਸਤ 2021 ’ਚ ਮਰਿਆਦਾ ਦੀ ਉਲੰਘਣਾ ਕਾਰਨ ਉਹ ਵਿਵਾਦਾਂ ’ਚ ਘਿਰ ਗਏ ਸਨ।

ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੀ ਕਮੇਟੀ ਦੇ ਤਿੰਨ ਅਹੁਦੇਦਾਰਾਂ ਨੂੰ ਧਾਰਮਿਕ ਸਜ਼ਾ ਸੁਣਾਈ ਜਿਨ੍ਹਾਂ ’ਚ ਬਾਬਾ ਤਰਸੇਮ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ’ਤੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਉੱਤਰਾਖੰਡ ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਆਮਦ ਮੌਕੇ ਪਹਾੜੀ ਡਰੈੱਸ ਪਹਿਨਣ ਵਾਲੀਆਂ ਕੁੜੀਆਂ ਤੋਂ ਡਾਂਸ ਕਰਾਉਣ ਅਤੇ ਮੁੱਖ ਮੰਤਰੀ ਨੂੰ ਚਾਂਦੀ ਦਾ ਮੁਕਟ ਪਹਿਨਾਉਣ ਵਰਗੇ ਮਰਿਆਦਾ ਦੀ ਉਲੰਘਣਾ ਦੇ ਦੋਸ਼ ਸਨ।

ਬਾਬਾ ਤਰਸੇਮ ਸਿੰਘ ਨੂੰ 15 ਦਿਨ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਕਥਾ ਸੁਣਨ, ਗੁਰੂ ਘਰ ਵਿਚ ਝਾੜੂ ਫੇਰਨ, ਜੋੜੇ ਸਾਫ਼ ਕਰਨ ਤੇ ਲੰਗਰ ਵਿਚ ਬਰਤਨ ਸਾਫ਼ ਕਰਨ ਦੇ ਨਾਲ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਸੇਵਾ ਪਿੱਛੋਂ ਸਾਰਿਆਂ ਨੂੰ 2100 ਰੁਪਏ ਦੀ ਦੇਗ ਤੇ 2100 ਰੁਪਏ ਗੁਰੂ ਕੀ ਗੋਲਕ ਵਿਚ ਪਾਉਣ ਦਾ ਹੁਕਮ ਕੀਤਾ ਗਿਆ।

ਉੱਤਰਾਖੰਡ ਦੇ DGP ਅਭਿਨਵ ਕੁਮਾਰ ਨੇ ਕਿਹਾ ਕਿ ਜੇਕਰ ਇਸ ਵਾਰਦਾਤ ਪਿੱਛੇ ਕੋਈ ਸਾਜ਼ਸ਼ ਹੈ ਤਾਂ ਇਸ ਦਾ ਪਰਦਾਫ਼ਾਸ਼ ਕੀਤਾ ਜਾਵੇਗਾ ਜਿਸ ਲਈ ਕੇਂਦਰੀ ਏਜੰਸੀਆਂ ਦੀ ਮਦਦ ਵੀ ਲਈ ਜਾਵੇਗੀ।

Leave a Comment