ਮੈਲਬਰਨ: ਪਹਿਲੀ ਵਾਰ, ਭਾਰਤ ਤੋਂ ਆਸਟ੍ਰੇਲੀਆ ਸੈਰ-ਸਪਾਟੇ ਲਈ ਆਉਣ ਵਾਲੇ ਯਾਤਰੀਆਂ ਦੀ ਗਿਣਤੀ 400,000 ਦੇ ਅੰਕੜੇ ਨੂੰ ਟੱਪ ਗਈ ਹੈ, ਜੋ ਟੂਰਿਜ਼ਮ ਆਸਟ੍ਰੇਲੀਆ ਲਈ ਇੱਕ ਮਹੱਤਵਪੂਰਣ ਪ੍ਰਾਪਤੀ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਅਨੁਸਾਰ, ਜਨਵਰੀ 2024 ਨੂੰ ਖਤਮ ਹੋਏ ਸਾਲ ਵਿੱਚ ਭਾਰਤ ਤੋਂ 402,200 ਸੈਲਾਨੀਆਂ ਦੀ ਆਮਦ ਹੋਈ, ਜੋ 2019 ਦੇ ਪੱਧਰ ਦਾ 101٪ ਹੈ। ਇਸ ਦੇ ਨਾਲ ਹੀ ਭਾਰਤ 2024 ਵਿੱਚ ਟੂਰਿਜ਼ਮ ਆਸਟ੍ਰੇਲੀਆ ਲਈ 5ਵਾਂ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ। 2019 ਵਿੱਚ ਇਹ 7ਵੇਂ ਨੰਬਰ ’ਤੇ ਸੀ। ਇਕੱਲੇ ਜਨਵਰੀ 2024 ‘ਚ ਆਸਟ੍ਰੇਲੀਆ ‘ਚ ਭਾਰਤ ਤੋਂ 26,200 ਸੈਲਾਨੀ ਆਏ, ਜੋ 2019 ‘ਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦਾ 106 ਫੀਸਦੀ ਹੈ। ਸੈਲਾਨੀਆਂ ਦੀ ਗਿਣਤੀ ਵਿਚ ਵਾਧੇ ਦਾ ਕਾਰਨ ਮਿੱਥ ਕੇ ਕੀਤੀਆਂ ਗਈਆਂ ਮਾਰਕੀਟਿੰਗ ਪਹਿਲਕਦਮੀਆਂ, ਡਿਜੀਟਲ ਵੀਜ਼ਾ ਅਰਜ਼ੀ ਪ੍ਰਕਿਰਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਯਾਤਰਾ ਦੇ ਵਧਦੇ ਬਦਲ ਹਨ।