ਮੈਲਬਰਨ: ਭਾਰਤੀ ਮੂਲ ਦੇ ਕ੍ਰਿਕੇਟ ਖਿਡਾਰੀ ਨਿਖਿਲ ਚੌਧਰੀ ’ਤੇ ਇਕ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਟਰਾਇਲ ਸ਼ੁਰੂ ਹੋ ਗਿਆ ਹੈ। ਬਿਗ ਬੈਸ਼ ਲੀਗ (BBL) ‘ਚ ਹੋਬਾਰਟ ਹੁਰੀਕੇਨਜ਼ ਲਈ ਖੇਡਣ ਵਾਲੇ 27 ਸਾਲ ਦੇ ਨਿਖਿਲ ‘ਤੇ ਦੋਸ਼ ਹੈ ਕਿ ਮਈ 2021 ’ਚ ਉਸ ਨੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਸ਼ਹਿਰ ਟਾਊਨਸਵਿਲੇ ਦੇ ਇਕ ਨਾਈਟ ਕਲੱਬ ‘ਚ ਔਰਤ ਨੂੰ ਮਿਲਣ ਤੋਂ ਬਾਅਦ ਆਪਣੀ ਕਾਰ ‘ਚ ਉਸ ਨਾਲ ਕਥਿਤ ਤੌਰ ‘ਤੇ ਅਪਰਾਧ ਕੀਤਾ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਸ਼ੁਰੂ ਹੋਈ ਜਿਸ ਵਿਚ ਕ੍ਰਿਕਟਰ ਨੇ ਖ਼ੁਦ ਨੂੰ ਬੇਕਸੂਰ ਦਸਿਆ ਹੈ। ਟਰਾਇਲ 3 ਦਿਨਾਂ ਤਕ ਚੱਲਣ ਦੀ ਉਮੀਦ ਹੈ।
ਆਸਟ੍ਰੇਲੀਆ ਜਾਣ ਤੋਂ ਪਹਿਲਾਂ ਨਿਖਿਲ ਨੇ ਪੰਜਾਬ ਲਈ ਵੀ ਰਣਜੀ ਟਰਾਫ਼ੀ ਲਈ ਕ੍ਰਿਕਟ ਖੇਡੀ ਸੀ। ਨਿਖਿਲ 2020 ‘ਚ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਗਿਆ ਸੀ ਪਰ ਕੋਵਿਡ ਕਾਰਨ ਉਹ ਉੱਥੇ ਹੀ ਰੁਕ ਗਿਆ। ਆਪਣੇ ਓਵਰਸਟੇਅ ਦੇ ਕਾਰਨ, ਨਿਖਿਲ ਨੇ ਬ੍ਰਿਸਬੇਨ ਵਿੱਚ ਨਾਰਥ ਸਬਅਰਬ ਡਿਸਟ੍ਰਿਕਟ ਕ੍ਰਿਕਟ ਕਲੱਬ ਲਈ ਖੇਡਣਾ ਸ਼ੁਰੂ ਕੀਤਾ ਅਤੇ ਉੱਥੇ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ, ਉਸਨੂੰ 2023 ਦੇ ਅਖੀਰ ਵਿੱਚ ਹੋਬਾਰਟ ਹਰੀਕੇਨਜ਼ ਵੱਲੋਂ ਚੁਣਿਆ ਗਿਆ ਸੀ ਜਿਸ ਨਾਲ ਉਸ ਨਾਲ 2027 ਤਕ ਖੇਡਣ ਦਾ ਕਰਾਰ ਕੀਤਾ ਸੀ। ਉੱਥੇ ਉਸ ਨੇ ਕ੍ਰਿਕਟ ਦੇ ਨਾਲ-ਨਾਲ ਡਾਕੀਏ ਵਜੋਂ ਵੀ ਕੰਮ ਕੀਤਾ।