ਸੀਨੇਟ ਨੇ ਮਨਜ਼ੂਰ ਕੀਤੀ ਛੇ ਮਹੀਨਿਆਂ ਦੀ ਪੇਡ ਪੇਰੈਂਟਲ ਲੀਵ, ਪੜ੍ਹੋ, ਨਵੇਂ ਕਾਨੂੰਨ ਨਾਲ ਕੀ ਬਦਲੇਗਾ ਆਸਟ੍ਰੇਲੀਆ ਦੇ ਮਾਪਿਆਂ ਲਈ

ਮੈਲਬਰਨ: ਪੇਡ ਪੇਰੈਂਟਲ ਲੀਵ (Paid Parental Leave) ਨੂੰ ਵਧਾ ਕੇ 26 ਹਫਤੇ ਕਰਨ ਦਾ ਸਰਕਾਰ ਦਾ ਫੈਸਲਾ ਅੱਜ ਸੈਨੇਟ ਵਿਚ ਪਾਸ ਹੋ ਗਿਆ ਹੈ ਅਤੇ ਇਹ ਕਾਨੂੰਨ ਬਣ ਜਾਵੇਗਾ। ਇਸ ਦਾ ਮਤਲਬ ਹੈ ਕਿ ਇਸ ਸਾਲ 1 ਜੁਲਾਈ ਤੋਂ, 180,000 ਤੋਂ ਵੱਧ ਪਰਿਵਾਰਾਂ ਨੂੰ ਦੋ ਹਫ਼ਤਿਆਂ ਦੀ ਵਾਧੂ ਛੁੱਟੀ (ਕੁੱਲ 22 ਹਫਤੇ) ਦਾ ਲਾਭ ਮਿਲੇਗਾ। ਇਹ ਗਿਣਤੀ ਜੁਲਾਈ 2025 ਤੋਂ ਵਧ ਕੇ 24 ਹਫਤੇ ਅਤੇ ਜੁਲਾਈ 2026 ਤੋਂ 26 ਹਫਤੇ ਹੋ ਜਾਵੇਗੀ। ਇਹ ਤਬਦੀਲੀਆਂ ਦੋ ਮਾਪਿਆਂ ਵਾਲੇ ਪਰਿਵਾਰਾਂ ਨੂੰ ਮਿਲਜੁਲ ਕੇ ਬੱਚੇ ਦੀ ਦੇਖਭਾਲ ਕਰਨ ਲਈ ਉਤਸ਼ਾਹਤ ਕਰਨ ਵਜੋਂ ਤਿਆਰ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਮਾਤਾ ਅਤੇ ਪਿਤਾ ਲਈ ਵਾਰੋ-ਵਾਰੀ ਚਾਰ-ਚਾਰ ਹਫ਼ਤੇ ਰਾਖਵੇਂ ਹਨ।

ਪੇਡ ਪੇਰੈਂਟਲ ਲੀਵ ਬੱਚਿਆਂ ਦੀ ਦੇਖਭਾਲ ਲਈ ਮਿਲਣ ਵਾਲੀ ਦੀ ਛੁੱਟੀ ਨੂੰ ਸਭ ਤੋਂ ਵੱਡਾ ਹੁਲਾਰਾ ਹੈ ਕਿਉਂਕਿ ਸਰਕਾਰ ਵੱਲੋਂ ਫੰਡ ਪ੍ਰਾਪਤ ਸਕੀਮ ਪਹਿਲੀ ਵਾਰ 2011 ਵਿੱਚ ਲੇਬਰ ਸਰਕਾਰ ਵੱਲੋਂ ਪੇਸ਼ ਕੀਤੀ ਗਈ ਸੀ। ਇਹ ਤਬਦੀਲੀਆਂ ਅੱਜ ਫੈਡਰਲ ਸੈਨੇਟ ਵਿੱਚ ਪਾਸ ਹੋ ਗਈਆਂ, ਜਿਸ ਵਿੱਚ ਸਰਕਾਰ ਨੇ ਛੋਟੇ ਕਾਰੋਬਾਰਾਂ ਵੱਲੋਂ ਮਾਪਿਆਂ ਨੂੰ ਤਨਖ਼ਾਹ ਸਮੇਤ ਦਿੱਤੀ ਜਾਣ ਵਾਲੀ ਛੁੱਟੀ ’ਚ ਮਦਦ ਕਰਨ ਲਈ 1 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ।

ਇਨ੍ਹਾਂ ਤਬਦੀਲੀਆਂ ਨੂੰ ਹੁਣ ਮਨਜ਼ੂਰੀ ਮਿਲਣ ਦੇ ਨਾਲ, ਸਰਕਾਰ ਲਈ ਅਗਲਾ ਕਦਮ ਆਪਣੇ ਉਸ ਤਾਜ਼ਾ ਐਲਾਨ ਨੂੰ ਕਾਨੂੰਨ ਬਣਾਉਣਾ ਹੈ ਕਿ ਉਹ ਸਰਕਾਰ ਵੱਲੋਂ ਫੰਡ ਪ੍ਰਾਪਤ ਪੇਡ ਪੇਰੈਂਟਲ ਲੀਵ ਸਕੀਮ ਦੀ ਵਰਤੋਂ ਕਰਨ ਵਾਲਿਆਂ ਨੂੰ ਸੇਵਾਮੁਕਤੀ ਮੌਕੇ ਹੋਣ ਵਾਲੇ ਭੁਗਤਾਨ ਦੀ ਵੀ ਅਦਾਇਗੀ ਕਰੇਗੀ। ਇਹ ਸੁਧਾਰ 1 ਜੁਲਾਈ 2025 ਤੋਂ ਲਾਗੂ ਹੋਵੇਗਾ।

Leave a Comment