ਮੈਲਬਰਨ: ਆਸਟ੍ਰੇਲੀਆ ਸਰਕਾਰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ (Submarine) ਦੇ ਨਿਰਮਾਣ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਬ੍ਰਿਟਿਸ਼ ਉਦਯੋਗ ਨੂੰ 3 ਅਰਬ ਡਾਲਰ ਦੇਵੇਗੀ। ਇਹ ਐਲਾਨ ਦੋਵਾਂ ਦੇਸ਼ਾਂ ਵੱਲੋਂ ਦੱਖਣੀ ਚੀਨ ਸਾਗਰ ਅਤੇ ਦੱਖਣੀ ਪੈਸੇਫ਼ਿਕ ਮਹਾਂਸਾਗਰ ਵਿੱਚ ਚੀਨ ਦੀ ਵਧਦੀ ਗਤੀਵਿਧੀ ਵਰਗੀਆਂ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਰੱਖਿਆ ਅਤੇ ਸੁਰੱਖਿਆ ਸਮਝੌਤੇ ‘ਤੇ ਹਸਤਾਖਰ ਕਰਨ ਦੇ ਇੱਕ ਦਿਨ ਬਾਅਦ ਆਇਆ ਹੈ।
ਬ੍ਰਿਟੇਨ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ ਪਣਡੁੱਬੀ ਪ੍ਰੋਗਰਾਮ ਮਹਿੰਗਾ ਹੈ ਪਰ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਕਿਫਾਇਤੀ ਨਹੀਂ ਹਨ ਪਰ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਦੁਨੀਆ ‘ਚ ਰਹਿ ਰਹੇ ਹਾਂ, ਜਿੱਥੇ ਅਸੀਂ ਚੀਨ ਦੀ ਵਧਦੀ ਹਮਲਾਵਰਤਾ, ਮੱਧ ਪੂਰਬ ਅਤੇ ਯੂਰਪ ‘ਚ ਇਕ ਹੋਰ ਖਤਰਨਾਕ ਦੁਨੀਆ ਦੇਖ ਰਹੇ ਹਾਂ। ਮੰਤਰੀ ਪੱਧਰੀ ਬੈਠਕ ‘ਚ ਐਲਾਨੇ ਗਏ 10 ਸਾਲ ਦੇ ਸਮਝੌਤੇ ਨਾਲ ਬ੍ਰਿਟੇਨ ਦੇ ਡਰਬੀ ‘ਚ ਰੋਲਸ ਰਾਇਸ ਫੈਕਟਰੀ ‘ਚ ਪ੍ਰਮਾਣੂ ਰਿਐਕਟਰ ਨਿਰਮਾਣ ਸਮਰੱਥਾ ਵਧੇਗੀ ਅਤੇ ਆਸਟ੍ਰੇਲੀਆ ਦੇ ਐਡੀਲੇਡ ‘ਚ ਬੀ.ਏ.ਈ. ਸਿਸਟਮਜ਼ ਵੱਲੋਂ ਪਣਡੁੱਬੀਆਂ ਦੇ ਨਿਰਮਾਣ ਨੂੰ ਹੁਲਾਰਾ ਮਿਲੇਗਾ।