ਨਿੱਝਰ ਕਤਲ ਕਾਂਡ ਤੋਂ ਬਾਅਦ ਆਸਟ੍ਰੇਲੀਆ ’ਚ ਅਜੇ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਸਿੱਖ, ਕਿਹਾ, ‘ਜੇ ਸਾਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰੀ…’

ਮੈਲਬਰਨ: ਆਸਟ੍ਰੇਲੀਆ ’ਚ ਵਸਦੇ ਸਿੱਖਾਂ ਨੂੰ ਲਗਦਾ ਹੈ ਕਿ ਇੱਥੋਂ ਦੀਆਂ ਅਥਾਰਟੀਆਂ ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀਆਂ ਹਨ ਅਤੇ ਉਹ ਸਿੱਖਾਂ ’ਤੇ ਹਮਲੇ ਬਾਰੇ ਗੰਭੀਰ ਨਹੀਂ ਹਨ। ਸਿਡਨੀ ਵਸਦੇ ਸਿੱਖ ਆਗੂ ਸਮਰ ਕੋਹਲੀ ਨੇ ABC News ਨਾਲ ਗੱਲਬਾਤ ’ਚ ਇਹ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਪਹਿਲਾਂ ਆਸਟ੍ਰੇਲੀਆ ਦੀ ਖੁਫ਼ੀਆ ਏਜੰਸੀ ASIO ਦੇ ਦੋ ਏਜੰਟਾਂ ਨੇ ਕੁੱਝ ਸਿੱਖਾਂ ਨਾਲ ਮੁਲਾਕਾਤ ਕੀਤੀ ਸੀ। ਏਜੰਟਾਂ ਨੇ ਕੋਹਲੀ ਸਮੇਤ ਕਈ ਹੋਰ ਸਿੱਖਾਂ ਨੂੰ ਆਸਟ੍ਰੇਲੀਆ ਵਿਚ ਵਿਦੇਸ਼ੀ ਦਖਲਅੰਦਾਜ਼ੀ ਦੇ ਕਿਸੇ ਵੀ ਸਬੂਤ ਬਾਰੇ ਪੁੱਛਗਿੱਛ ਕੀਤੀ। ਕੋਹਲੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਏਜੰਟਾਂ ਬਾਰੇ ਗੱਲ ਕਰ ਰਹੇ ਸਨ। ਹਾਲਾਂਕਿ ਕੋਹਲੀ ਨੇ ਕਿਹਾ ਕਿ ਏਜੰਟਾਂ ਨੇ ਉਸ ਨੂੰ ਆਸਟ੍ਰੇਲੀਆ ’ਚ ਸਿੱਖਾਂ ਵਿਰੁਧ ਕੋਈ ਵਿਸ਼ੇਸ਼ ਖ਼ਤਰੇ ਦੀ ਚੇਤਾਵਨੀ ਨਹੀਂ ਦਿੱਤੀ ਸੀ ਪਰ ਉਹ ਉਦੋਂ ਤੋਂ ਚੌਕਸ ਹਨ।

ਕੋਹਲੀ ਨੇ ਕਿਹਾ ਕਿ ASIO ਦੇ ਏਜੰਟਾਂ ਨੇ ਉਨ੍ਹਾਂ ਨਾਲ ਵੈਨਕੂਵਰ ਵਿਚ ਇਕ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਕਈ ਹਫ਼ਤੇ ਪਹਿਲਾਂ ਅਤੇ ਬਾਅਦ ’ਚ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਕੈਨੇਡਾ ਵਰਗੀ ਘਟਨਾ ਆਸਟ੍ਰੇਲੀਆ ’ਚ ਵਾਪਰੇ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਸਿੱਖਾਂ ਦਾ ਮੰਨਣਾ ਹੈ ਕਿ ਨਿੱਝਰ ਦਾ ਕਤਲ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਕਹਿਣ ’ਤੇ ਕੀਤਾ ਗਿਆ ਸੀ। ਹਾਲਾਂਕਿ ਇਸ ਦੋਸ਼ ਨੂੰ ਭਾਰਤ ਨੇ ਮੂਲੋਂ ਰੱਦ ਕੀਤਾ ਹੈ। ਭਾਰਤ ਸਰਕਾਰ ਨਿੱਝਰ ਨੂੰ ਅੱਤਵਾਦੀ ਮੰਨਦੀ ਸੀ, ਜਿਸ ਨੇ ਉਸ ‘ਤੇ ਕਈ ਅਪਰਾਧਾਂ ਦੇ ਦੋਸ਼ ਲਗਾਏ ਸਨ। ਕੋਹਲੀ ਦੀ ASIO ਨਾਲ ਗੱਲਬਾਤ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਿ ਆਸਟ੍ਰੇਲੀਆ ਵਿੱਚ ਸਿੱਖ ਕਾਰਕੁਨ ਵੀ ਖਤਰੇ ਵਿੱਚ ਹਨ।

ਨਿੱਝਰ ਦੀ ਮੌਤ ਤੋਂ ਪਹਿਲਾਂ, ਕੋਹਲੀ ਅਤੇ ਖਾਲਿਸਤਾਨ ਅੰਦੋਲਨ ਵਿੱਚ ਸ਼ਾਮਲ ਹੋਰ ਲੋਕ ਸਿੱਖ ਹੋਮਲੈਂਡ ਲਈ ਸਮਰਥਨ ਦਿਖਾਉਣ ਲਈ ਪੱਛਮੀ ਦੇਸ਼ਾਂ ਵਿੱਚ ਅਣਅਧਿਕਾਰਤ ਰੈਫਰੈਂਡਮ ਕਰਵਾ ਰਹੇ ਸਨ। ਕੋਹਲੀ ਨੂੰ ਡਰ ਸੀ ਕਿ ਉਸ ਦੀ ਸਰਗਰਮੀ ਉਸ ਨੂੰ ਆਸਟ੍ਰੇਲੀਆ ਵਿਚ ਕੰਮ ਕਰ ਰਹੇ ਮੋਦੀ ਸਮਰਥਕ ਏਜੰਟਾਂ ਦਾ ਨਿਸ਼ਾਨਾ ਬਣਾ ਸਕਦੀ ਹੈ। ਨਿੱਝਰ ਦੀ ਮੌਤ ਤੋਂ ਬਾਅਦ, ਕੋਹਲੀ ਨਾਲ ASIO ਨੇ ਦੂਜੀ ਮੀਟਿੰਗ ਲਈ ਦੁਬਾਰਾ ਸੰਪਰਕ ਕੀਤਾ, ਜਿਸ ਨਾਲ ਆਸਟ੍ਰੇਲੀਆ ਵਿੱਚ ਸਿੱਖ ਕਾਰਕੁਨਾਂ ਦੀ ਸੁਰੱਖਿਆ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਦੇ ਆਸਟ੍ਰੇਲੀਆ ਦੌਰੇ ਸਮੇਂ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਵਿਚ ਹਿੰਦੂ ਮੰਦਰਾਂ ਦੀ ਭੰਨਤੋੜ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਅਤੇ ਕੁਝ ਨੇ ਇਨ੍ਹਾਂ ਘਟਨਾਵਾਂ ਲਈ ਸਿੱਖ ਕਾਰਕੁਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਨ੍ਹਾਂ ਗ੍ਰੈਫਿਟੀ ‘ਚ ‘ਮੋਦੀ ਅੱਤਵਾਦੀ ਐਲਾਨੋ’ ਅਤੇ ‘ਸਿੱਖ 1984 ਨਸਲਕੁਸ਼ੀ’ ਵਰਗੇ ਸ਼ਬਦ ਸ਼ਾਮਲ ਸਨ। ਇਹ ਭੰਨਤੋੜ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੋਦੀ ਦੀਆਂ ਮੁਲਾਕਾਤਾਂ ਦੌਰਾਨ ਤਣਾਅ ਦਾ ਵਿਸ਼ਾ ਬਣ ਗਈ। ਮੋਦੀ ਨੇ ਮੰਦਰਾਂ ‘ਤੇ ਹਮਲਿਆਂ ‘ਤੇ ਅਫਸੋਸ ਜ਼ਾਹਰ ਕੀਤਾ ਅਤੇ ਅਲਬਾਨੀਜ਼ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਭਾਈਚਾਰੇ ਦੀ ਸੁਰੱਖਿਆ ਤਰਜੀਹ ਹੈ। ਹਾਲਾਂਕਿ, ਸੂਚਨਾ ਦੀ ਆਜ਼ਾਦੀ ਦੇ ਤਹਿਤ ਪ੍ਰਾਪਤ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਕੁਈਨਜ਼ਲੈਂਡ ਪੁਲਿਸ ਦਾ ਮੰਨਣਾ ਹੈ ਕਿ ਇਹ ਗ੍ਰੈਫਿਟੀ ਹਿੰਦੂ ਸਮੂਹਾਂ ਦੁਆਰਾ ਸਿੱਖ ਵੱਖਵਾਦੀਆਂ ਨੂੰ ਫਸਾਉਣ ਲਈ ਕੀਤੀ ਗਈ ਹੋ ਸਕਦੀ ਹੈ।

ਸਿੱਖਸ ਫਾਰ ਜਸਟਿਸ ਸਮੂਹ ਨਾਲ ਕੰਮ ਕਰ ਚੁੱਕੇ ਸਿੱਖ ਕਾਰਕੁਨ ਸਮਰ ਕੋਹਲੀ ਦਾ ਮੰਨਣਾ ਹੈ ਕਿ ਸਿੱਖ ਵੱਖਵਾਦੀ ਇਨ੍ਹਾਂ ਅਪਰਾਧਾਂ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਆਸਟ੍ਰੇਲੀਆ ਦੇ ਅਧਿਕਾਰੀ ਸਿੱਖ ਭਾਈਚਾਰੇ ਦੀ ਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ ਹਨ ਅਤੇ ਕਿਹਾ ਕਿ ਜੇਕਰ ਆਸਟ੍ਰੇਲੀਆ ਵਿਚ ਕਿਸੇ ਸਿੱਖ ਦਾ ਕਤਲ ਹੁੰਦਾ ਹੈ ਤਾਂ ਇਸ ਦਾ ਦੋਸ਼ ASIO ਅਤੇ ਪ੍ਰਧਾਨ ਮੰਤਰੀ ’ਤੇ ਹੋਵੇਗਾ।

Leave a Comment