ਕਤਲ ਕੇਸ ’ਚ ਰਾਜਵਿੰਦਰ ਸਿੰਘ ਪਹਿਲੀ ਵਾਰੀ ਅਦਾਲਤ ’ਚ ਪੇਸ਼, ਕੁਈਨਜ਼ਲੈਂਡ ਦੀ ਪੁਲਿਸ ਨੇ ਅਦਾਲਤ ’ਚ ਕੀਤਾ ਨਵਾਂ ਖ਼ੁਲਾਸਾ

ਮੈਲਬਰਨ: ਇੱਕ ਨੌਜੁਆਨ ਕੁੜੀ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਪਹਿਲੀ ਵਾਰੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ’ਚ ਪਹਿਲੀ ਵਾਰੀ ਖ਼ੁਲਾਸਾ ਕੀਤਾ ਗਿਆ ਹੈ ਕਿ ਕੁਈਨਜ਼ਲੈਂਡ ਪੁਲਿਸ ਨੇ ਤੋਇਆਹ ਕੋਰਡਿੰਗਲੇ ਦੇ ਕਥਿਤ ਕਾਤਲ ਰਾਜਵਿੰਦਰ ਸਿੰਘ ਦੀ ਗ੍ਰਿਫਤਾਰੀ ‘ਤੇ ਰਿਕਾਰਡ 10 ਲੱਖ ਡਾਲਰ ਦਾ ਇਨਾਮ ਦਿੱਤਾ ਹੈ। ਰਾਜਵਿੰਦਰ ਸਿੰਘ ‘ਤੇ ਪਿਛਲੇ ਸਾਲ 24 ਸਾਲ ਦੀ ਇਸ ਨੌਜਵਾਨ ਕੁੜੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ।

ਕੁਈਨਜ਼ਲੈਂਡ ਦੇ ਸ਼ਹਿਰ ਇੰਨਿਸਫੇਲ ‘ਚ ਨਰਸ ਦੇ ਤੌਰ ‘ਤੇ ਕੰਮ ਕਰਦੇ ਆਸਟ੍ਰੇਲੀਆਈ ਨਾਗਰਿਕ ਰਾਜਵਿੰਦਰ ਸਿੰਘ ਅਕਤੂਬਰ 2018 ‘ਚ ਕੇਅਰਨਜ਼ ਦੇ ਉੱਤਰ ‘ਚ ਵੈਂਗੇਟੀ ਬੀਚ ‘ਤੇ ਕੋਰਡਿੰਗਲੇ ਦੀ ਲਾਸ਼ ਮਿਲਣ ਤੋਂ ਤੁਰੰਤ ਬਾਅਦ ਭਾਰਤ ਚਲਾ ਗਿਆ ਸੀ। ਪੁਲਿਸ ਨੇ ਉਸੇ ਸਾਲ ਦੇ ਅਖੀਰ ਵਿੱਚ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ।

ਦਸੰਬਰ 2018 ਵਿੱਚ, ਉਨ੍ਹਾਂ ਨੇ, ਕੁਈਨਜ਼ਲੈਂਡ ਸਰਕਾਰ ਅਤੇ ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਰਾਜਵਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ ਦੇ ਇਨਾਮ ਦੇ ਨਾਲ-ਨਾਲ “ਮੁਕੱਦਮੇ ਤੋਂ ਉਚਿਤ ਮੁਆਵਜ਼ਾ” ਦੇਣ ਦਾ ਐਲਾਨ ਕੀਤਾ। ਇਹ ਇਨਾਮ ਕੁਈਨਜ਼ਲੈਂਡ ਦੇ ਇਤਿਹਾਸ ਵਿੱਚ ਦਿੱਤਾ ਗਿਆ ਸਭ ਤੋਂ ਵੱਡਾ ਇਨਾਮ ਹੈ।

ਇਸ ਐਲਾਨ ਦੇ ਕੁਝ ਹਫ਼ਤਿਆਂ ਬਾਅਦ, ਰਾਜਵਿੰਦਰ ਸਿੰਘ ਨੂੰ ਭਾਰਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਆਖਰਕਾਰ ਆਸਟ੍ਰੇਲੀਆ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ‘ਤੇ ਰਸਮੀ ਤੌਰ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ। ਅੱਜ ਕੁਈਨਜ਼ਲੈਂਡ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸ ਨੇ ਕਈ ਲੋਕਾਂ ਨੂੰ 10 ਲੱਖ ਡਾਲਰ ਦਾ ਇਨਾਮ ਦਿੱਤਾ ਹੈ।

ਮੀਡੀਆ ਨੂੰ ਦਿੱਤੇ ਗਏ ਇਕ ਬਿਆਨ ਵਿਚ ਇਕ ਬੁਲਾਰੇ ਨੇ ਕਿਹਾ ਕਿ ਕੁਈਨਜ਼ਲੈਂਡ ਪੁਲਸ ਸੇਵਾ ਨੇ ਇਨਾਮ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਨਾਮ ਪ੍ਰਾਪਤ ਕਰਨ ਵਾਲਿਆਂ ਦੀ ਪਛਾਣ ਦਾ ਪ੍ਰਗਟਾਵਾ ਨਹੀਂ ਕੀਤਾ। ਰਾਜਵਿੰਦਰ ਸਿੰਘ ਨੇ ਹਮੇਸ਼ਾ ਖ਼ੁਦ ਨੂੰ ਬੇਗੁਨਾਹ ਦਸਿਆ ਹੈ ਅਤੇ ਹਵਾਲਗੀ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਉਹ ਆਪਣੇ ਖਿਲਾਫ ਦੋਸ਼ਾਂ ਵਿਰੁਧ ਲੜਨ ਲਈ ਆਸਟ੍ਰੇਲੀਆ ਵਾਪਸ ਜਾਣਾ ਚਾਹੁੰਦਾ ਸੀ। ਉਸ ਦੇ ਕੇਸ ਦੀ ਸੁਣਵਾਈ ਜੁਲਾਈ ਵਿੱਚ ਸ਼ੁਰੂ ਹੋਣ ਵਾਲੀ ਹੈ।

Leave a Comment