ਮੈਲਬਰਨ: ਪਿੱਛੇ ਜਿਹੇ ਪਠਾਨਕੋਟ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦੇ ਕਤਲ ਦਾ ਕੇਸ ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਠਾਨਕੋਟ ਨੇ ਦਸਿਆ ਇਸ ਐਨ.ਆਰ.ਆਈ. ਦਾ ਕਤਲ ਦੂਜੇ ਐਨ.ਆਰ.ਆਈ. ਵਲੋਂ ਕੀਤਾ ਗਿਆ ਹੈ। ਹਰਦੇਵ ਨੂੰ ਗੋਲੀ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦੀ ਪੁਰਾਣੀ ਦੋਸਤ ਦਾ ਪ੍ਰੇਮੀ ਸੀ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ, ਮੂਲ ਵਾਸੀ ਪਿੰਡ ਗੋਟਖੋਖਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਪੁਲਿਸ ਨੇ ਜਦੋਂ ਹਰਦੇਵ ਸਿੰਘ ਦੇ ਫ਼ੋਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਖਰੀ ਵਾਰ ਮ੍ਰਿਤਕ ਨੇ ਆਪਣੀ ਇੱਕ ਪੁਰਾਣੀ ਦੋਸਤ ਨੂੰ ਫੋਨ ਕੀਤਾ ਸੀ। ਇਹ ਲੜਕੀ 2021 ਤੋਂ ਹਰਦੇਵ ਦੀ ਦੋਸਤ ਸੀ। ਪੁਲਿਸ ਨੇ ਜਦੋਂ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਸਾਰੀ ਗੱਲ ਸਾਹਮਣੇ ਆਈ। ਮਨਦੀਪ ਸਿੰਘ ਵੀ ਕੁਝ ਸਮਾਂ ਪਹਿਲਾਂ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ 3 ਮਾਰਚ ਨੂੰ ਉਸ ਨੇ ਕੁੜੀ ਨੂੰ ਫੋਨ ਕਰ ਕੇ ਕਿਹਾ ਕਿ ਉਹ ਉਸ ਦੇ ਪਿੰਡ ਪਰਮਾਨੰਦ ਆਇਆ ਹੈ ਅਤੇ ਉਸ ਨੂੰ ਮਿਲਣਾ ਚਾਹੁੰਦਾ ਹੈ। ਕੁੜੀ ਨੇ ਆਪਣੇ ਮਾਪਿਆਂ ਦੇ ਡਰ ਕਾਰਨ ਮਨਦੀਪ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਤ ਹੋ ਚੁੱਕੀ ਸੀ। ਫਿਰ ਕੁੜੀ ਨੇ ਹਰਦੇਵ ਸਿੰਘ ਨੂੰ ਦੱਸਿਆ ਕਿ ਮਨਦੀਪ ਉਸ ਨੂੰ ਵਾਰ-ਵਾਰ ਫੋਨ ਕਰ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਹਰਦੇਵ ਆਪਣੀ ਕਾਰ ਵਿੱਚ ਪਰਮਾਨੰਦ ਆ ਗਿਆ ਅਤੇ ਉੱਥੇ ਹੀ ਮਨਦੀਪ ਅਤੇ ਹਰਦੇਵ ਸਿੰਘ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਇਸ ਦੌਰਾਨ ਮਨਦੀਪ ਨੇ ਹਰਦੇਵ ਦਾ ਰਿਵਾਲਵਰ ਖੋਹ ਕੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਪਰਮਾਨੰਦ ਦੇ ਇਕ ਸਕੂਲ ਦੇ ਬਾਹਰ ਸੜਕ ਕੰਢੇ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਆਸਟ੍ਰੇਲੀਆ ਵਾਸੀ ਦਾ ਪੰਜਾਬ ’ਚ ਕਤਲ, ਵਿਆਹ ਵੇਖ ਕੇ ਪਰਤ ਰਹੇ NRI ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ
ਮਨਦੀਪ ਸਿੰਘ ਜਿਸ ਮਰਸਡੀਜ ਕਾਰ ’ਚ ਸਵਾਰ ਹੋ ਕੇ ਆਇਆ ਸੀ ਉਹ ਉਸ ਵਲੋਂ ਮੋਹਾਲੀ ਤੋਂ ਕਿਰਾਏ ’ਤੇ ਲਈ ਗਈ ਸੀ। ਕਾਰ ਨੂੰ ਕਰਤਾਰਪੁਰ ‘ਚ ਛੱਡਦੇ ਹੋਏ ਮੁਲਜ਼ਮ ਨੇ ਕੰਪਨੀ ਨੂੰ ਫੋਨ ਕਰ ਕੇ ਕਿਹਾ ਕਿ ਉਸ ਨੂੰ ਇੱਕ ਜ਼ਰੂਰੀ ਕੋਰਟ ਕੇਸ ਵਿੱਚ ਅਮਰੀਕਾ ਜਾਣਾ ਪੈ ਰਿਹਾ ਹੈ, ਤੁਸੀਂ ਕਾਰ ਇਥੋਂ ਲੈ ਜਾਓ। ਜ਼ਿਲ੍ਹਾ ਪੁਲਿਸ ਨੇ ਮਨਦੀਪ ਖ਼ਿਲਾਫ਼ ਤਾਰਾਗੜ੍ਹ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਲਈ ਟੀਮਾਂ ਬਣਾ ਦਿਤੀਆਂ ਗਈਆਂ ਹਨ ਜਿਨ੍ਹਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਤਿਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।