ਮੈਲਬਰਨ: ਆਸਟ੍ਰੇਲੀਆ ’ਚ ਪ੍ਰਾਪਰਟੀ ਦੀ ਖ਼ਰੀਦੋ-ਫ਼ਰੋਖਤ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪ੍ਰੋਪਟਰੈਕ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਤੋਂ ਆਸਟ੍ਰੇਲੀਆ ’ਚ ਪ੍ਰਾਪਰਟੀ ਦੀ ਖ਼ਰੀਦ ਬਾਰੇ ਸਰਚ ਕਰਨ ਵਾਲਿਆਂ ਦੀ ਗਿਣਤੀ ’ਚ 30٪ ਦਾ ਵਾਧਾ ਵੇਖਿਆ ਗਿਆ। ਜਦਕਿ ਦਸੰਬਰ 2022 ਤੋਂ ਲੈ ਕੇ ਹੁਣ ਤਕ ਰੈਂਟਲ ਪ੍ਰਾਪਰਟੀ ਲੱਭਣ ਵਾਲਿਆਂ ’ਚ 46% ਫ਼ੀਸਦੀ ਦਾ ਵਾਧਾ ਹੋਇਆ ਹੈ।
ਚੀਨ ਇਸ ਮਾਮਲੇ ’ਚ ਸਭ ਤੋਂ ਉੱਪਰ ਹੈ, ਜਿੱਥੇ ਦਸੰਬਰ 2022 ਦੇ ਮੁਕਾਬਲੇ ਪ੍ਰਾਪਰਟੀ ਖਰੀਦਣ ਲਈ ਕੀਤੀ ਸਰਚ ਵਿੱਚ 67.7٪ ਅਤੇ ਰੈਂਟਲ ਪ੍ਰਾਪਰਟੀ ਦੀ ਲੱਭਣ ’ਚ 70.4٪ ਦਾ ਵਾਧਾ ਹੋਇਆ ਹੈ। ਇਸ ਵਾਧੇ ਦਾ ਕਾਰਨ ਕੋਰੋਨਾ ਮਹਾਂਮਾਰੀ ਨਰਮ ਪੈਣ ਤੋਂ ਬਾਅਦ ਸਰਹੱਦਾਂ ਦਾ ਮੁੜ ਖੁੱਲ੍ਹਣਾ ਅਤੇ ਵਿਦਿਆਰਥੀਆਂ ਤੇ ਵਰਕਰਾਂ ਦੀ ਵਾਪਸੀ ਹੈ। ਯੂ.ਕੇ., ਅਮਰੀਕਾ ਅਤੇ ਨਿਊਜ਼ੀਲੈਂਡ ਵਰਗੇ ਹੋਰ ਦੇਸ਼ਾਂ ਨੇ ਵੀ ਪ੍ਰਾਪਰਟੀ ਦੀ ਤਲਾਸ਼ ਵਿੱਚ ਕਾਫ਼ੀ ਵੇਖਣ ਨੂੰ ਮਿਲਿਆ ਹੈ। ਨਿਊਜ਼ੀਲੈਂਡ ਤਾਂ ਵਿਦੇਸ਼ਾਂ ਤੋਂ ਪ੍ਰਾਪਰਟੀ ਦੀ ਤਲਾਸ਼ ਕਰਨ ਵਾਲਿਆਂ ਦਾ ਮੋਹਰੀ ਦੇਸ਼ ਬਣ ਗਿਆ ਹੈ।
ਆਸਟ੍ਰੇਲੀਆ ’ਚ ਵਿਦੇਸ਼ਾਂ ਤੋਂ ਪ੍ਰਾਪਰਟੀ ਖ਼ਰੀਦਣ ਲਈ ਸਭ ਤੋਂ ਪਸੰਦੀਦਾ ਸਥਾਨ ਨਿਊ ਸਾਊਥ ਵੇਲਜ਼ ਹੈ। ਇਸ ਤੋਂ ਬਾਅਦ ਕੁਈਨਜ਼ਲੈਂਡ ਅਤੇ ਵਿਕਟੋਰੀਆ ਦਾ ਨੰਬਰ ਆਉਂਦਾ ਹੈ। ਮੈਲਬਰਨ ਸਭ ਤੋਂ ਵੱਧ ਖੋਜਿਆ ਜਾਣ ਵਾਲਾ ਸ਼ਹਿਰ ਸੀ, ਇਸ ਤੋਂ ਬਾਅਦ ਗੋਲਡ ਕੋਸਟ ਦਾ ਨੰਬਰ ਹੈ।