ਫ਼ੈਡਰਲ ਪਾਰਲੀਮੈਂਟ ਨੇ ਟੈਕਸ ਕਟੌਤੀ ਬਿੱਲ ਨੂੰ ਮਨਜ਼ੂਰੀ ਦਿੱਤੀ, ਜਾਣੋ ਕਿਸ ਨੂੰ ਮਿਲੇਗੀ ਕਿੰਨੀ ਰਾਹਤ

ਮੈਲਬਰਨ: ਆਸਟ੍ਰੇਲੀਆ ਦੀ ਫ਼ੈਡਰਲ ਪਾਰਲੀਮੈਂਟ ਨੇ ਟੈਕਸ ‘ਚ ਕਟੌਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਲੋਕ ਆਪਣੀ ਆਮਦਨ ਦਾ ਜ਼ਿਆਦਾ ਹਿੱਸਾ ਆਪਣੇ ਕੋਲ ਰੱਖ ਸਕਣਗੇ। ਲੇਬਰ ਪਾਰਟੀ ਵੱਲੋਂ ਸੋਧੇ ਹੋਏ ਟੈਕਸ ਪੈਕੇਜ, ਜਿਸ ਨੂੰ ਸੈਨੇਟ ਨੇ ਪਾਸ ਕਰ ਦਿੱਤਾ ਹੈ, 150,000 ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ 2018 ਵਿੱਚ ਕਾਨੂੰਨ ਬਣਾਏ ਗਏ ਤੀਜੇ ਪੜਾਅ ਦੇ ਟੈਕਸ ਕਟੌਤੀਆਂ ਦੇ ਵਾਅਦੇ ਨਾਲੋਂ ਵੱਡਾ ਰਿਟਰਨ ਪ੍ਰਦਾਨ ਕਰੇਗਾ। 150,000 ਡਾਲਰ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਅਜੇ ਵੀ ਟੈਕਸ ਵਿੱਚ ਕਟੌਤੀ ਮਿਲੇਗੀ, ਪਰ ਇਹ ਅਸਲ ਯੋਜਨਾ ਨਾਲੋਂ ਘੱਟ ਹੋਵੇਗੀ। ਇਹ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣ ਵਾਲੀਆਂ ਹਨ।

ਨਵੇਂ ਕਾਨੂੰਨ ਅਧੀਨ ਦੂਜੀ ਟੈਕਸ ਬ੍ਰੈਕੇਟ ਨੂੰ 32.5 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰ ਦਿੱਤਾ ਹੈ ਅਤੇ ਇਸ ਨੂੰ 1,35,000 ਡਾਲਰ ਤੱਕ ਦੀ ਕਮਾਈ ਕਰਨ ਵਾਲੇ ਹਰ ਵਿਅਕਤੀ ‘ਤੇ ਲਾਗੂ ਕੀਤਾ ਹੈ। 45,000 ਡਾਲਰ ਤੋਂ ਘੱਟ ਦੀ ਕਮਾਈ ‘ਤੇ ਟੈਕਸ ਦੀ ਦਰ 19 ਫੀਸਦੀ ਤੋਂ ਘਟਾ ਕੇ 16 ਫੀਸਦੀ ਕਰ ਦਿੱਤੀ ਗਈ ਹੈ। 1,90,000 ਡਾਲਰ ਤੋਂ ਵੱਧ ਕਮਾਈ ਕਰਨ ਵਾਲਿਆਂ ‘ਤੇ ਸਿਰਫ 45 ਫੀਸਦੀ ਦੀ ਚੋਟੀ ਦੀ ਦਰ ਲਾਗੂ ਕਰਨ ਨਾਲ ਵੀ ਰਾਹਤ ਮਿਲੀ ਹੈ, ਜੋ ਪਹਿਲਾਂ ਦੀ 180,000 ਡਾਲਰ ਦੀ ਹੱਦ ਤੋਂ ਵੱਧ ਹੈ। ਇਥੋਂ ਤਕ ਕਿ 190,000 ਡਾਲਰ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਵੀ ਹਰ ਸਾਲ ਲਗਭਗ 4500 ਡਾਲਰ ਦੀ ਬਚਤ ਹੋਵੇਗੀ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਟੈਕਸਾਂ ਵਿੱਚ ਕਟੌਤੀ ਦਾ ਉਦੇਸ਼ “ਮਿਡਲ ਆਸਟ੍ਰੇਲੀਆ” ਨੂੰ ਲਾਭ ਪਹੁੰਚਾਉਦਾ ਹੈ ਅਤੇ ਇਹ ਰਹਿਣ-ਸਹਿਣ ਦੀਆਂ ਲਾਗਤਾਂ ਦੇ ਦਬਾਅ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰੇਗਾ।

Leave a Comment