ਮੈਲਬਰਨ: ਆਇਰਲੈਂਡ ਦੀ ਇੱਕ ਔਰਤ ਉਦੋਂ ਇੱਕ ਬੀਮਾ ਕੰਪਨੀ ਵਿਰੁਧ ਪਾਇਆ 10 ਲੱਖ ਡਾਲਰ ਦਾ ਮੁਕੱਦਮਾ ਹਾਰ ਗਈ ਜਦੋਂ ਉਸ ਦੀਆਂ ਸੋਸ਼ਲ ਮੀਡੀਆ ’ਤੇ ਪਾਈਆਂ ਤਸਵੀਰਾਂ ਉਸ ਦੇ ਮੁਕੱਦਮੇ ’ਚ ਕੀਤੇ ਦਾਅਵਿਆਂ ਤੋਂ ਬਿਲਕੁਲ ਉਲਟ ਸਾਬਤ ਹੋਈਆਂ।
ਦਰਅਸਲ 36 ਸਾਲਾਂ ਦੀ ਕੈਮਿਲਾ ਗੈਰਾਬਸਕਾ ਦਾ 2017 ’ਚ ਕਾਰ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਨੇ ਦਾਅਵਾ ਕੀਤਾ ਸੀ ਹਾਦਸੇ ਤੋਂ ਬਾਅਦ ਉਸ ਦੀ ਗਰਦਨ ਅਤੇ ਪਿੱਠ ’ਚ ਦਰਦ ਹੁੰਦਾ ਰਹਿੰਦਾ ਹੈ ਜਿਸ ਕਾਰਨ ਉਹ ਕੋਈ ਕੰਮ ਕਰਨ ਦੇ ਕਾਬਲ ਨਹੀਂ ਰਹੀ। ਦੋ ਬੱਚਿਆਂ ਦੀ ਮਾਂ ਗੈਰਾਬਸਕਾ ਦੀ ਕਾਰ ਨੂੰ ਕਿਸੇ ਹੋਰ ਕਾਰ ਨੇ ਪਿੱਛੇ ਤੋਂ ਟੱਕਰ ਮਾਰੀ ਸੀ, ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਚੁੱਕਣ ਜਾਂ ਘਰੇਲੂ ਕੰਮ ਕਰਨ ਦੇ ਵੀ ਕਾਬਲ ਨਹੀਂ ਰਹੀ ਸੀ। ਹਾਦਸੇ ਤੋਂ ਬਾਅਦ ਉਸ ਨੇ ਨੌਕਰੀ ਵੀ ਛੱਡ ਦਿੱਤੀ ਸੀ ਅਤੇ ਸਰਕਾਰ ਤੋਂ ਅਪਾਹਜਤਾ ਪੇਮੈਂਟ ’ਤੇ ਗੁਜ਼ਾਰਾ ਕਰ ਰਹੀ ਸੀ। ਅਦਾਲਤ ’ਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਕੁੱਲ ਆਮਦਨ 750,000 ਡਾਲਰ ਬਣਦੀ ਹੈ।
ਹਾਲਾਂਕਿ ਅਗਲੇ ਸਾਲ ਹੀ ਉਸ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਜਿਸ ’ਚ ਉਹ ਦੋ ਮੀਟਰ ਲੰਮਾ ਕ੍ਰਿਸਮਸ ਟ੍ਰੀ ਸੁੱਟਣ ਦੇ ਮੁਕਾਬਲੇ ’ਚ ਹਿੱਸਾ ਲੈਂਦੀ ਦਿਸ ਰਹੀ ਹੈ ਜਿਸ ਨੇ ਉਸ ਨੇ ਜਿੱਤ ਵੀ ਲਿਆ ਸੀ। ਆਇਰਿਸ਼ ਹਾਈ ਕੋਰਟ ਨੇ ਗੈਰਾਬਸਕਾ ਦੀ ਇਹ ਤਸਵੀਰ ਵੇਖ ਕੇ ਕਿਹਾ ਕਿ ਏਨਾ ਵੱਡਾ ਦਰੱਖ਼ਤ ਦਾ ਟੁਕੜਾ ਸੁੱਟਣ ਵਾਲੀ ਗੈਰਾਬਸਤਾ ਕਿਤੋਂ ਵੀ ਅਪਾਹਜ ਨਹੀਂ ਲੱਗ ਰਹੀ ਹੈ। ਅਦਾਲਤ ਨੇ ਉਸ ਦਾ ਸੋਸ਼ਲ ਮੀਡੀਆ ’ਤੇ ਪਾਇਆ ਇੱਕ ਵੀਡੀਓ ਵੀ ਵੇਖਿਆ ਜਿਸ ’ਚ ਉਹ ਆਪਣੇ ਕੁੱਤੇ ਨਾਲ ਇੱਕ ਘੰਟੇ ਤਕ ਖੇਡਦੀ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਜੱਜ ਨੇ ਦਾਅਵੇ ਦਾ ਕੇਸ ਰੱਦ ਕਰ ਦਿੱਤਾ।
ਹਾਲਾਂਕਿ ਗੈਰਾਬਸਤਾ ਨੇ ਕਿਹਾ ਕਿ ਉਸ ਦੀਆਂ ਸੱਟਾਂ ਝੂਠੀਆਂ ਨਹੀਂ ਹਨ ਅਤੇ ਮੁਕਾਬਲਿਆਂ ’ਚ ਹਿੱਸਾ ਲੈ ਕੇ ਉਹ ਆਮ ਵਾਂਗ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਹੀ ਸੀ।