ਅਣਪਛਾਤਿਆਂ ਨੇ ਕੈਪਟਨ ਕੁੱਕ ਦਾ ਇੱਕ ਹੋਰ ਸਟੈਚੂ ਪੁੱਟਿਆ, ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਵੀਡੀਓ

ਮੈਲਬਰਨ: 18ਵੀਂ ਸਦੀ ਵਿਚ ਸਿਡਨੀ ਦੇ ਆਸ-ਪਾਸ ਦੇ ਤੱਟ ਦਾ ਨਕਸ਼ਾ ਤਿਆਰ ਕਰਨ ਅਤੇ ਪਹਿਲੀ ਵਾਰ ਇਸ ਖੇਤਰ ਨੂੰ ਬ੍ਰਿਟੇਨ ਦੀ ਬਸਤੀ ਬਣਾਉਣ ਵਾਲੇ ਕੈਪਟਨ ਜੇਮਜ਼ ਕੁੱਕ ਦੇ ਇਕ ਹੋਰ ਬਰੌਂਜ਼ ਦੇ ਸਟੈਚੂ ਨੂੰ ਅਣਪਛਾਤੇ ਵਿਅਕਤੀਆਂ ਨੇ ਮੂਲੋਂ ਪੱਟ ਦਿੱਤਾ। ਵਿਕਟੋਰੀਆ ਪੁਲਸ ਮੈਲਬਰਨ ਦੇ ਫਿਟਜ਼ਰੋਏ ਗਾਰਡਨ ‘ਚ ਵਾਪਰੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਸੀ.ਸੀ.ਟੀ.ਵੀ. ’ਚ ਦਿਸ ਰਿਹਾ ਹੈ ਕਿ ਤੜਕੇ 3:45 ਵਜੇ ਅਣਪਛਾਤੇ ਅਪਰਾਧੀਆਂ ਦਾ ਇੱਕ ਸਮੂਹ ਵੈਲਿੰਗਟਨ ਪਰੇਡ ਗਾਰਡਨ ਵਿੱਚ ਦਾਖ਼ਲ ਹੋਇਆ, ਸਟੈਚੂ ਨੂੰ ਤੋੜ ਦਿੱਤਾ ਗਿਆ ਅਤੇ ਜ਼ਮੀਨ ’ਤੇ ਸੁੱਟ ਦਿੱਤਾ ਗਿਆ।

ਇਕ ਗੁਮਨਾਮ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਨਕਾਬਪੋਸ਼ ਸਮੂਹ ਸਟੈਚੂ ਨੂੰ ਐਂਗਲ ਗ੍ਰਾਇੰਡਰ ਦੀ ਵਰਤੋਂ ਨਾਲ ਕੱਟਦੇ ਦਿਸ ਰਹੇ ਹਨ। ਇਸ ਵੀਡੀਓ ’ਚ ਲਿਖਿਆ ਗਿਆ ਹੈ “the colony will fall” (ਬਸਤੀਵਾਦ ਦਾ ਅੰਤ ਹੋਵੇਗਾ)। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਜੇਕਰ ਕੌਂਸਲ ਸਟੈਚੂ ਨੂੰ ਮੁੜ ਲਾਉਣਾ ਚਾਹੇਗੀ ਤਾਂ ਸਰਕਾਰ ਉਸ ਦੀ ਮਦਦ ਕਰਨ ਲਈ ਤਿਆਰ ਹੈ।

ਇਹ ਘਟਨਾ ਆਸਟ੍ਰੇਲੀਆ ਦਿਵਸ ਤੋਂ ਪਹਿਲਾਂ ਦੋ ਬਸਤੀਵਾਦੀ ਸਮਾਰਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇੱਕ ਮਹੀਨੇ ਬਾਅਦ ਸਾਹਮਣੇ ਆਈ ਹੈ। ਸੇਂਟ ਕਿਲਡਾ ਵਿਚ ਵੀ ਕੈਪਟਨ ਕੁੱਕ ਦੀ ਮੂਰਤੀ ਨੂੰ ਵੱਢ ਦਿੱਤਾ ਗਿਆ ਸੀ ਅਤੇ ਮਹਾਰਾਣੀ ਵਿਕਟੋਰੀਆ ਦੀ ਮੂਰਤੀ ’ਤੇ ਲਾਲ ਰੰਗ ਲਿਪ ਦਿੱਤਾ ਗਿਆ ਸੀ।

Leave a Comment