ਮੈਲਬਰਨ: ਸਿਡਨੀ ਦੀ ਪੁਲਿਸ ਮਸ਼ਹੂਰ ਅਮਰੀਕੀ ਪੌਪ ਸਟਾਰ ਟੇਲਰ ਸਵਿਫਟ ਦੇ ਪਿਤਾ ਸਕਾਟ ਸਵਿਫਟ (71) ਵੱਲੋਂ 51 ਸਾਲ ਦੇ ਇੱਕ ਫ਼ੋਟੋਗ੍ਰਾਫ਼ਰ ਪੱਤਰਕਾਰ ’ਤੇ ਕਥਿਤ ਹਮਲਾ ਕਰਨ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟੇਲਰ ਸਵਿਫਟ ਦੇ ਸੱਤ ਰਾਤਾਂ ਦੇ ਆਸਟ੍ਰੇਲੀਆ ਦੌਰੇ ਦੇ ਆਖਰੀ ਸ਼ੋਅ ਤੋਂ ਬਾਅਦ ਤੜਕੇ ਕਰੀਬ 2:30 ਵਜੇ ਵਾਪਰੀ। ਪੱਤਰਕਾਰ ਨੇ ਕਿਹਾ ਕਿ ਸਕਾਟ ਨੇ ਉਸ ਦੇ ਮੂੰਹ ’ਤੇ ਮੁੱਕਾ ਮਾਰਿਆ, ਹਾਲਾਂਕਿ ਉਹ ਏਨਾ ਜ਼ਖਮੀ ਨਹੀਂ ਹੋਇਆ ਸੀ ਕਿ ਉਸ ਨੂੰ ਡਾਕਟਰੀ ਇਲਾਜ ਦੀ ਲੋੜ ਪੈਂਦੀ। ਉਸ ਨੇ ਕਿਹਾ ਕਿ ਉਸ ਨੂੰ 23 ਸਾਲ ਇਹ ਕੰਮ ਕਰਦਿਆਂ ਹੋ ਗਏ ਹਨ ਪਰ ਕਿਸੇ ਨੇ ਵੀ ਉਸ ਨਾਲ ਅਜਿਹਾ ਵਤੀਰਾ ਨਹੀਂ ਕੀਤਾ।
ਸਕਾਟ ਸਵਿਫਟ, ਜੋ ਅਕਸਰ ਆਪਣੀ ਧੀ ਦੇ ਸੰਗੀਤ ਸ਼ੋਅ ਦੌਰਾਨ ਉਸ ਦਾ ਸਮਰਥਨ ਕਰਦੇ ਵੇਖੇ ਜਾਂਦੇ ਹਨ, ਪ੍ਰਸ਼ੰਸਕਾਂ ’ਚ ‘ਪਾਪਾ ਸਵਿਫ਼ਟ’ ਵੱਜੋਂ ਮਸ਼ਹੂਰ ਹਨ। ਅਕਸਰ ਉਨ੍ਹਾਂ ਨੂੰ ਆਪਣੀ ਧੀ, ਟੇਲਰ ਸਵਿਫ਼ਟ, ਦੀ ਗਿਰਾਟ ਉਸ ਦੇ ਫ਼ੈਨਸ ਨੂੰ ਵੰਡਦਿਆਂ ਵੇਖਿਆ ਗਿਆ ਹੈ। ਮੈਲਬਰਨ ’ਚ ਹੋਏ ਸ਼ੋਅ ਦੌਰਾਨ ਉਨ੍ਹਾਂ ਨੇ ਇੱਕ ਮਾਂ-ਧੀ ਦੀ ਮਦਦ ਕੀਤੀ ਜੋ ਪਾਬੰਦੀਸ਼ੁਦਾ ਸੀਟਾਂ ’ਤੇ ਬੈਠੀਆਂ ਸਨ। ਸਕਾਟ ਨੇ ਉਨ੍ਹਾਂ ਨੂੰ ਰਿਸਟਬੈਂਡ ਅਤੇ VIP ਐਂਟਰੀ ਪਾਸ ਦਿੱਤੇ ਸਨ।