ਆਸਟ੍ਰੇਲੀਆ ’ਚ ਪਹਿਲੀ ਵਾਰੀ ਜਾਰੀ ਹੋਏ Gender pay gaps ਦੇ ਅੰਕੜੇ, ਜਾਣੋ ਔਰਤਾਂ ਅਤੇ ਮਰਦਾਂ ਨੂੰ ਮਿਲਣ ਵਾਲੀ ਦੀ ਤਨਖ਼ਾਹ ’ਚ ਕਿੰਨਾ ਕੁ ਹੈ ਫ਼ਰਕ

ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰਨ ਵਾਲੀਆਂ ਔਰਤਾਂ ਅਤੇ ਮਰਦਾਂ ਦੀ ਤਨਖਾਹ ਦੇ ਫ਼ਰਕ (Gender pay gaps) ਬਾਰੇ ਪਹਿਲੀ ਵਾਰੀ ਅੰਕੜੇ ਜਾਰੀ ਕੀਤੇ ਗਏ ਹਨ। ਨਵੇਂ ਕਾਨੂੰਨਾਂ ਤਹਿਤ ਪ੍ਰਕਾਸ਼ਿਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਘੱਟੋ-ਘੱਟ 100 ਵਰਕਰਾਂ ਵਾਲੇ 5000 ਨਿੱਜੀ ਕਾਰੋਬਾਰਾਂ ’ਚੋਂ ਜ਼ਿਆਦਾਤਰ ’ਚ ਔਰਤਾਂ ਨੂੰ ਮਰਦਾਂ ਤੋਂ ਕਾਫ਼ੀ ਘੱਟ ਤਨਖਾਹ ਮਿਲ ਰਹੀ ਹੈ। ਇਨ੍ਹਾਂ ’ਚ ਆਸਟ੍ਰੇਲੀਆ ਦੇ ਕੁੱਝ ਮਸ਼ਹੂਰ ਬਰਾਂਡ ਵੀ ਸ਼ਾਮਲ ਹਨ। ਇਹ ਅੰਕੜੇ ਵਰਕਪਲੇਸ ਜੈਂਡਰ ਇਕੁਆਲਿਟੀ ਏਜੰਸੀ (WGEA) ਨੇ ਜਾਰੀ ਕੀਤੇ ਹਨ ਅਤੇ ਇਸ ਵਿੱਚ ਤਨਖਾਹ-ਫ਼ਰਕ ਦੇ ਅੰਕੜਿਆਂ ਦੇ ਦੋ ਸੈੱਟ ਸ਼ਾਮਲ ਹਨ: ਬੇਸ ਤਨਖਾਹ ਵਿੱਚ ਔਸਤ ਫ਼ਰਕ ਅਤੇ ਕੁੱਲ ਤਨਖਾਹ ਵਿੱਚ ਔਸਤ ਫ਼ਰਕ।

  • ਆਸਟ੍ਰੇਲੀਆ ਵਿੱਚ, ਔਸਤ ਲਿੰਗ ਤਨਖਾਹ ਫ਼ਰਕ 19٪ ਹੈ, ਜਿਸ ਦਾ ਮਤਲਬ ਹੈ ਕਿ ਇੱਕ ਔਰਤ ਨੂੰ ਦਿੱਤੀ ਜਾਣਕਾਰੀ ਵਾਲੀ ਤਨਖ਼ਾਹ ਇੱਕ ਆਦਮੀ ਨੂੰ ਦਿੱਤੀ ਜਾਣ ਵਾਲੀ ਤਨਖਾਹ ਦੇ ਔਸਤ ਨਾਲੋਂ 18,461 ਡਾਲਰ ਘੱਟ ਹੈ।
  • ਵੱਖ-ਵੱਖ ਉਦਯੋਗਾਂ ਵਿੱਚ ਇਹ ਫ਼ਰਕ ਵੱਖੋ-ਵੱਖ ਹੈ। ਇਨ੍ਹਾਂ ਉਦਯੋਗਾਂ ’ਚ ਵੱਡੀਆਂ ਏਅਰਲਾਈਨਜ਼, ਬੈਂਕ ਅਤੇ ਇੱਥੋਂ ਤਕ ਕਿ ਅਜਿਹੀਆਂ ਕੰਪਨੀਆਂ ਵੀ ਸ਼ਾਮਲ ਹਨ ਜਿੱਥੇ ਜ਼ਿਆਦਾਤਰ ਵਰਕਫ਼ੋਰਸ ਜਾਂ ਜ਼ਿਆਦਾ ਗ੍ਰਾਹਕ ਔਰਤਾਂ ਹਨ, ਜਿਵੇਂ ਕਿ ਫ਼ੈਸ਼ਨ ਹਾਊਸ।
  • 62 ਫ਼ੀ ਸਦੀ ਕਾਰੋਬਾਰ ਅਜਿਹੇ ਹਨ ਜਿੱਥੇ ਤਨਖ਼ਾਹਾਂ ’ਚ 5 ਫ਼ੀ ਸਦੀ ਤੋਂ ਵੱਧ ਫ਼ਰਕ ਹੈ ਅਤੇ ਇਹ ਮਰਦਾਂ ਦੇ ਹੱਕ ’ਚ ਹਨ। ਜਦਕਿ ਔਰਤਾਂ ਦੇ ਹੱਕ ’ਚ (-5 ਫ਼ੀ ਸਦੀ) ਤਨਖ਼ਾਹ ਫ਼ਰਕ ਸਿਰਫ਼ 8 ਫ਼ੀ ਸਦੀ ਕਾਰੋਬਾਰਾਂ ’ਚ ਵੇਖਣ ਨੂੰ ਮਿਲਿਆ।
  • ਕੁੱਲ ਮਿਲਾ ਕੇ 50 ਫ਼ੀ ਸਦੀ ਰੁਜ਼ਗਾਰਾਂ ’ਚ ਔਰਤ-ਮਰਦ ਤਨਖ਼ਾਹ ਫ਼ਰਕ 9.1 ਫ਼ੀ ਸਦੀ ਤੋਂ ਵੱਧ ਵੇਖਣ ਨੂੰ ਮਿਲਿਆ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਤਨਖਾਹ ਦੇ ਇਸ ਪਾੜੇ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਨੂੰ ਸਾਲਾਨਾ ਲਗਭਗ 52 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਮਹਿਲਾ ਮੰਤਰੀ, ਕੈਟੀ ਗੈਲਾਘਰ ਨੇ ਰੁਜ਼ਗਾਰਦਾਤਾ ਲਿੰਗ ਤਨਖਾਹ ਦੇ ਫ਼ਰਕ ਦੇ ਪ੍ਰਕਾਸ਼ਨ ਨੂੰ ਇੱਕ ਇਤਿਹਾਸਕ ਪਲ ਦੱਸਿਆ, ਜਿਸ ਨੇ ਤਬਦੀਲੀ ਲਿਆਉਣ ਅਤੇ ਆਸਟ੍ਰੇਲੀਆਈ ਕੰਮਕਾਜ ਦੀਆਂ ਥਾਵਾਂ ਵਿੱਚ ਔਰਤਾਂ ਅਤੇ ਮਰਦਾਂ ’ਚ ਤਨਖਾਹ ਦੇ ਫ਼ਰਕ ਨੂੰ ਖਤਮ ਕਰਨ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

Leave a Comment