ਮੈਲਬਰਨ: ਸਿਡਨੀ ’ਚ ਇੱਕ ਸਮਲਿੰਗੀ ਜੋੜੇ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ NSW ਪੁਲਿਸ ਦੇ ਇੱਕ ਅਧਿਕਾਰੀ ‘ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਕੈਂਟਾਸ ਦੇ ਫਲਾਈਟ ਅਟੈਂਡੈਂਟ ਲੂਕ ਡੇਵਿਸ (29) ਅਤੇ ਉਸ ਦੇ ਸਾਥੀ ਅਤੇ ਸਾਬਕਾ Ten ਪ੍ਰੈਜ਼ੈਂਟਰ ਜੇਸੀ ਬੇਅਰਡ (26) ਦੀਆਂ ਖੂਨ ਨਾਲ ਲਥਪਥ ਕੁਝ ਚੀਜ਼ਾਂ ਇਸ ਹਫਤੇ ਦੇ ਸ਼ੁਰੂ ਵਿਚ ਕ੍ਰੋਨੂਲਾ ਵਿਚ ਇਕ ਕੂੜੇ ਦੇ ਡੱਬੇ ’ਚ ਮਿਲੀਆਂ ਸਨ। ਇਨ੍ਹਾਂ ਵਿੱਚ ਕੱਪੜੇ, 8000 ਡਾਲਰ ਦੀ ਘੜੀ, ਇੱਕ ਬਟੂਆ ਅਤੇ ਇੱਕ ਕ੍ਰੈਡਿਟ ਕਾਰਡ ਸ਼ਾਮਲ ਸੀ। ਉਦੋਂ ਤੋਂ ਹੀ ਪੁਲਿਸ ਨੇ ਉਨ੍ਹਾਂ ਦੀ ਭਾਲ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਸੀ। ਬੇਅਰਡ ਦੇ ਸਾਬਕਾ ਸਾਥੀ ਸੀਨੀਅਰ ਕਾਂਸਟੇਬਲ ਬਿਊ ਲਾਮਾਰੇ ਨੇ ਅੱਜ ਸਵੇਰੇ ਕਰੀਬ 10:30 ਵਜੇ ਖ਼ੁਦ ਨੂੰ ਬੌਂਡੀ ਥਾਣੇ ‘ਚ ਪੇਸ਼ ਕੀਤਾ।
ਲਾਮਾਰੇ (28) ‘ਤੇ ਡੇਵਿਸ ਅਤੇ ਬੇਅਰਡ ਦੇ ਕਥਿਤ ਕਤਲਾਂ ਨੂੰ ਲੈ ਕੇ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ ਕੁਝ ਸਮੇਂ ਲਈ ਅਦਾਲਤ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ। ਲਾਮਾਰੇ 2020 ’ਚ ਪੁਲਿਸ ਅਫ਼ਸਰ ਬਣਨ ਤੋਂ ਪਹਿਲਾਂ ਮਸ਼ਹੂਰ ਬਲਾਗਰ ਸੀ ਅਤੇ ਕਈ ਕੌਮਾਂਤਰੀ ਸਿਤਾਰਿਆਂ ਨਾਲ ਉਸ ਦੀਆਂ ਤਸਵੀਰਾਂ ਵੇਖੀਆਂ ਗਈਆਂ ਹਨ।
ਪੁਲਿਸ ਨੂੰ ਇੱਕ ਗੋਲੀ ਮਿਲੀ ਹੈ ਜੋ ਲਾਮਾਰੇ ਦੇ ਸਰਵਿਸ ਵੈਪਨ ਨਾਲ ਮੇਲ ਖਾਂਦੀ ਹੈ। ਜਾਂਚਕਰਤਾਵਾਂ ਨੇ ਸਿਡਨੀ ਦੇ ਦੱਖਣ ਵਿਚ ਗ੍ਰੇਸ ਪੁਆਇੰਟ ‘ਤੇ ਇਕ ਚਿੱਟੀ ਟੋਯੋਟਾ ਹਾਈਸ ਵੈਨ ਵੀ ਬਰਾਮਦ ਕੀਤੀ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਲਾਮਾਰੇ ਨੇ ਸੋਮਵਾਰ ਨੂੰ ਕਿਰਾਏ ‘ਤੇ ਲਿਆ ਸੀ। ਡੋਹਰਟੀ ਨੇ ਕਿਹਾ ਕਿ ਪੁਲਿਸ ਦਾ ਦੋਸ਼ ਹੈ ਕਿ ਵੈਨ ਕਿਰਾਏ ‘ਤੇ ਲੈਣ ਅਤੇ ਲਾਸ਼ਾਂ ਨੂੰ ਲਿਜਾਣ ਅਤੇ ਸੁੱਟਣ ਲਈ ਵਰਤਣ ਤੋਂ ਪਹਿਲਾਂ ਸੋਮਵਾਰ ਨੂੰ ਪੈਡਿੰਗਟਨ ‘ਚ ਬੇਅਰਡ ਦੇ ਘਰ ‘ਚ ਦੋਵਾਂ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਕਤਲ ਦਾ ਕਾਰਨ ਅਤੇ ਲਾਸ਼ਾਂ ਦੇ ਟਿਕਾਣੇ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ’ਚ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਚਸ਼ਮਦੀਦਾਂ ਨੇ ਸੋਮਵਾਰ ਸਵੇਰੇ ਮ੍ਰਿਤਕ ਦੇ ਘਰ ਦੇ “ਆਸ ਪਾਸ ਤੋਂ” ਚੀਕਾਂ ਸੁਣੀਆਂ ਪਰ ਪੁਲਿਸ ਨੂੰ ਇਸ ਦੀ ਰਿਪੋਰਟ ਨਹੀਂ ਕੀਤੀ।