ਮੈਲਬਰਨ: ਸਿਡਨੀ ’ਚ ਇੱਕ ਹੀ ਦਿਨ ਤਿੰਨ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਸਟਰ ਲੀਓਨ ਵਜੋਂ ਜਾਣੇ ਜਾਂਦੇ ਇੱਕ ਤਾਇਕਵਾਂਡੋ ਇੰਸਟਰੱਕਟਰ ’ਤੇ ਆਪਣੇ ਸੱਤ ਸਾਲ ਦੇ ਵਿਦਿਆਰਥੀ, ਉਸ ਦੀ 41 ਸਾਲਾਂ ਦੀ ਮਾਂ ਅਤੇ 39 ਸਾਲ ਦੇ ਪਿਤਾ ਦਾ ਕਤਲ ਕਰਨ ਦਾ ਦੋਸ਼ ਹੈ। ਮੁਲਜ਼ਮ ਦਾ ਪੂਰਾ ਨਾਂ ਕਵਾਂਗ ਕਿਉਂਗ ਯੂ ਹੈ ਜੋ ਸਿਡਨੀ ’ਚ ਸਥਿਤ ਆਪਣੀ ਤਾਇਕਵਾਂਡੋ ਅਕੈਡਮੀ ’ਚ ਸੈਂਕੜੇ ਵਿਦਿਆਰਥੀਆਂ ਨੂੰ ਮਾਰਸ਼ਲ ਆਰਟ ਸਿਖਾਉਂਦਾ ਹੈ। ਉਸ ਨੇ ਸੋਮਵਾਰ ਨੂੰ ਸ਼ਾਮ 6 ਕੁ ਵਜੇ ਮਾਂ-ਪੁੱਤ ਨੂੰ ਆਪਣੀ ਅਕੈਡਮੀ ’ਚ ਗਲ ਘੁੱਟ ਕੇ ਮਾਰ ਮੁਕਾਇਆ। ਇਸ ਤੋਂ ਬਾਅਦ ਉਹ ਮ੍ਰਿਤਕ ਔਰਤ ਦੀ ਕਾਰ ਲੈ ਕੇ ਉਸ ਦੇ ਬੋਲਖਾਮ ਸਥਿਤ ਘਰ ਗਿਆ ਅਤੇ ਉਸ ਦੇ ਪਤੀ ਨੂੰ ਵੀ ਤੇਜ਼ਧਾਰ ਹਥਿਆਰ ਨਾਲ ਮਾਰ ਮੁਕਾਇਆ। ਪੁਲਿਸ ਨੂੰ ਲਾਸ਼ਾਂ ਕਤਲ ਤੋਂ ਅਗਲੇ ਦਿਨ ਮੰਗਲਵਾਰ ਨੂੰ ਮਿਲੀਆਂ।
ਕਤਲ ਕਰਨ ਤੋਂ ਬਾਅਦ ਉਹ ਛਾਤੀ ’ਤੇ ਜ਼ਖ਼ਮਾਂ ਨਾਲ ਹਸਪਤਾਲ ’ਚ ਦਾਖ਼ਲ ਹੋ ਗਿਆ, ਜਿੱਥੇ ਉਸ ਨੇ ਖ਼ੁਦ ’ਤੇ ਨੌਰਥ ਪਾਰਾਮੈਟਾ ਦੀ ਸੂਪਰਮਾਰਕੀਟ ਕਾਰ ਪਾਰਕ ’ਚ ਹਮਲਾ ਹੋਣ ਦੀ ਗੱਲ ਆਖੀ ਸੀ। ਹਸਪਤਾਲ ’ਚ ਉਸ ਦੀ ਸਰਜਰੀ ਕੀਤੀ ਗਈ ਹੈ ਅਤੇ ਉਹ ਪੁਲਿਸ ਦੀ ਨਿਗਰਾਨੀ ਹੇਠ ਹੈ। ਉਸ ਦਾ ਕੇਸ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਇਸ ਦੀ ਸੁਣਵਾਈ ਦੀ ਮਿਤੀ 18 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ। ਮੁਲਜ਼ਮ ਆਪਣੇ ਵਕੀਲ ਰਾਹੀਂ ਅਦਾਲਤ ’ਚ ਪੇਸ਼ ਹੋਇਆ ਅਤੇ ਅਜੇ ਤਕ ਜ਼ਮਾਨਤ ਲਈ ਵੀ ਅਪੀਲ ਨਹੀਂ ਕੀਤੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤਕ ਕਤਲ ਕਰਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਪ੍ਰਵਾਰ ਸਾਊਥ ਕੋਰੀਆ ਦਾ ਦੱਸਿਆ ਜਾ ਰਿਹਾ ਹੈ ਜੋ ਲੰਮੇ ਸਮੇਂ ਤੋਂ ਇਕੱਠੇ ਰਹਿ ਰਹੇ ਸਨ। ਪ੍ਰਵਾਰ ਦੇ ਜਾਣਕਾਰਾਂ ਨੇ ਉਨ੍ਹਾਂ ਨੂੰ ਬਹੁਤ ਨਰਮਦਿਲ ਅਤੇ ਖ਼ੁਸ਼ਮਿਜਾਜ਼ ਦੱਸਿਆ ਹੈ।