ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬੀਗਲ ਬੇਅ ਨੇੜੇ 30 ਵਿਅਕਤੀਆਂ ਦੇ ਕਿਸ਼ਤੀ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ’ਚ ਦਾਖ਼ਲ ਹੋਣ ਦੀ ਖ਼ਬਰ ਹੈ। ਇਹ ਸ਼ਰਨਾਰਥੀ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਦੱਸੇ ਜਾ ਰਹੇ ਹਨ। ਇਹ ਸਾਰੇ ਚੰਗੀ ਸਿਹਤ ’ਚ ਦੱਸੇ ਜਾ ਰਹੇ ਹਨ। ਬੀਗਲ ਬੇ ਇੱਕ ਛੋਟਾ ਜਿਹਾ ਮੂਲਵਾਸੀ ਲੋਕਾਂ ਦਾ ਭਾਈਚਾਰਾ ਹੈ ਜੋ ਲਗਭਗ 300 ਲੋਕਾਂ ਦਾ ਘਰ ਹੈ।
ਬਰੂਮ ਤੋਂ 130 ਕਿਲੋਮੀਟਰ ਉੱਤਰ ਵਿਚ ਬੀਗਲ ਬੇਅ ਦੇ ਨੇੜੇ ਉਤਰਨ ਵਾਲੇ ਇਨ੍ਹਾਂ ਲੋਕਾਂ ਬਾਰੇ ਜਦੋਂ ਮੀਡੀਆ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਤਕ ਰਿਪੋਰਟਾਂ ਤੋਂ ਅਨਜਾਣ ਹਨ, ਪਰ ਕਿਹਾ ਕਿ ਆਸਟ੍ਰੇਲੀਆ ਦੀ ਨੀਤੀ ਸਾਫ਼ ਹੈ ਕਿ ਵੀਜ਼ਾ ਤੋਂ ਬਗ਼ੈਰ ਕਿਸੇ ਨੂੰ ਵੀ ਦੇਸ਼ ਅੰਦਰ ਨਹੀਂ ਰਹਿਣ ਦਿੱਤਾ ਜਾਵੇਗਾ।ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਵੀ ਇਸ ਘਟਨਾ ਤੋਂ ਅਨਜਾਣ ਦਿਸੇ, ਪਰ ਉਨ੍ਹਾਂ ਨੇ ਰਿਪੋਰਟਾਂ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ। ਉਨ੍ਹਾਂ ਨੇ ਸਰਕਾਰ ‘ਤੇ ਦੇਸ਼ ਦੀਆਂ ਸਰਹੱਦਾਂ ਤੋਂ ਕੰਟਰੋਲ ਗੁਆਉਣ ਦਾ ਦੋਸ਼ ਲਾਇਆ।
ਆਸਟ੍ਰੇਲੀਅਨ ਬਾਰਡਰ ਫੋਰਸ ਨੇ ਕਿਹਾ ਕਿ ਉਹ WA ਵਿਚ ਇਕ ਮੁਹਿੰਮ ਚਲਾ ਰਹੀ ਹੈ ਪਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਵੀ 12 ਲੋਕ ਕਿਸ਼ਤੀ ਰਾਹੀਂ ਆਸਟ੍ਰੇਲੀਆ ’ਚ ਪੁੱਜ ਗਏ ਸਨ ਜਿਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਬੀਗਲ ਬੇਅ ’ਚ ਆਉਣ ਵਾਲੇ ਲੋਕਾਂ ਨੂੰ ਵੀ ਫੜ ਕੇ ਨਾਊਰਾ ਲਿਜਾਇਆ ਜਾਵੇਗਾ।