ਮੈਲਬਰਨ: ਕੈਨਵਾ ਦੇ ਸਾਬਕਾ ਮੁੱਖ ਫ਼ਾਈਨਾਂਸ਼ੀਅਲ ਅਫ਼ਸਰ (CFO) ਦਾਮੀਆਂ ਸਿੰਘ ਵਿਰੁਧ ਕਥਿਤ ਅਣਉਚਿਤ ਵਿਵਹਾਰ ਦੀ ਜਾਂਚ ਸ਼ੁਰੂ ਕਰਨ ਲਈ ਜ਼ਿੰਮੇਵਾਰ ਕਈ ਆਨਲਾਈਨ ਪੋਸਟਾਂ ਨੂੰ ਇੱਕ ਸੋਸ਼ਲ ਮੀਡੀਆ ਫੋਰਮ ਤੋਂ ਹਟਾ ਦਿੱਤਾ ਗਿਆ ਹੈ। ਇਹ ਵਿਵਾਦ ਉਸ ਸਮੇਂ ਪੈਦਾ ਹੋ ਰਿਹਾ ਹੈ ਜਦੋਂ ਕੈਨਵਾ ਆਪਣਾ IPO ਲਿਆਉਣ ਦੀ ਤਿਆਰੀ ਕਰ ਰਹੀ ਹੈ।
ਦਾਮੀਆਂ ਸਿੰਘ ਦੇ ਕਥਿਤ ਵਿਵਹਾਰ ਬਾਰੇ ਪੋਸਟਾਂ ਜਨਵਰੀ ਦੇ ਅਖੀਰ ਅਤੇ ਫਰਵਰੀ ਦੇ ਸ਼ੁਰੂ ਵਿਚ ਇਕ ਪੇਸ਼ੇਵਰ ਆਨਲਾਈਨ ਫੋਰਮ ‘ਤੇ ਪ੍ਰਕਾਸ਼ਤ ਕੀਤੀਆਂ ਗਈਆਂ ਸਨ, ਪਰ ਬੁੱਧਵਾਰ ਨੂੰ ਜਨਤਕ ਤੌਰ ‘ਤੇ ਸਾਹਮਣੇ ਆਈਆਂ। ਪੋਸਟਾਂ ’ਚ ਦਾਮੀਆਂ ਸਿੰਘ ’ਤੇ ਕਈ ਇਲਜ਼ਾਮ ਲਾਏ ਗਏ ਸਨ, ਅਤੇ ਪ੍ਰਤੀਕਿਰਿਆਵਾਂ ਦੀ ਲਹਿਰ ਪੈਦਾ ਹੋਈ। ਫਰਵਰੀ ਦੇ ਸ਼ੁਰੂ ਵਿਚ ਕੁਝ ਵਰਕਰਾਂ ਨੂੰ ਅੰਦਰੂਨੀ ਐਲਾਨ ਤੋਂ ਬਾਅਦ ਕਿ ਦਾਮੀਆਂ ਸਿੰਘ ਕੰਪਨੀ ਛੱਡ ਦੇਣਗੇ, ਆਨਲਾਈਨ ਫੋਰਮ ‘ਤੇ ਇਕ ਹੋਰ ਥ੍ਰੈਡ ਸਾਹਮਣੇ ਆਇਆ ਜਿਸ ਵਿਚ ਦਾਮੀਆਂ ਸਿੰਘ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ। ਇਹ ਅਤੇ ਦਾਮੀਆਂ ਸਿੰਘ ਦੇ ਵਿਵਹਾਰ ‘ਤੇ ਸਵਾਲ ਚੁੱਕਣ ਵਾਲੀ ਮੂਲ ਪੋਸਟ ਦੋਵਾਂ ਨੂੰ ਹੁਣ ਆਨਲਾਈਨ ਫੋਰਮ ਤੋਂ ਹਟਾ ਦਿੱਤਾ ਗਿਆ ਹੈ।
ਦਾਮੀਆਂ ਸਿੰਘ ਅੱਠ ਸਾਲਾਂ ਤੋਂ CFO ਸਨ, ਉਨ੍ਹਾਂ ਨੇ ਪਿਛਲੇ ਹਫਤੇ ਕੈਨਵਾ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕੰਪਨੀ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਸੀ ਕਿ ਦਾਮੀਆਂ ਸਿੰਘ ਅਣਉਚਿਤ ਵਿਵਹਾਰ ਲਈ ਜਾਂਚ ਦੇ ਘੇਰੇ ਵਿੱਚ ਹਨ। ਇਸ ਵਿਵਾਦ ਦੇ ਬਾਵਜੂਦ ਨਿਵੇਸ਼ਕਾਂ ਨੂੰ ਭਰੋਸਾ ਹੈ ਕਿ ਦਾਮੀਆਂ ਸਿੰਘ ਦੇ ਜਾਣ ਨਾਲ ਕੰਪਨੀ ’ਤੇ ਕੋਈ ਬੁਰਾ ਅਸਰ ਨਹੀਂ ਪਵੇਗਾ।