ਮੈਲਬਰਨ: ਉੱਤਰ-ਪੱਛਮੀ ਆਸਟ੍ਰੇਲੀਆ ‘ਚ ਇਸ ਹਫਤੇ ਗਰਮੀ ਵਧਣ ਦੀ ਸੰਭਾਵਨਾ ਹੈ ਅਤੇ ਕੁਝ ਤੱਟਵਰਤੀ ਸ਼ਹਿਰਾਂ ‘ਚ ਪਾਰਾ 50 ਡਿਗਰੀ ਤੋਂ ਪਾਰ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸਭ ਤੋਂ ਗਰਮ ਖੇਤਰ ਗੈਸਕੋਇਨ ਅਤੇ ਪਿਲਬਾਰਾ ਜ਼ਿਲ੍ਹਿਆਂ ਦੇ ਪੱਛਮੀ ਹਿੱਸੇ ਹੋਣਗੇ। ਤਾਪਮਾਨ ’ਚ ਇਹ ਵਾਧਾ ਪੂਰਬੀ ਹਵਾਵਾਂ ਦੇ ਨਾਲ ਮਿਲ ਕੇ ਪੱਛਮੀ ਤੱਟ ਟ੍ਰਫ ਦੀ ਬਦੌਲਤ ਹੋਵੇਗਾ ਜੋ ਮੱਧ ਆਸਟ੍ਰੇਲੀਆ ਤੋਂ ਗਰਮ ਹਵਾ ਲਿਆਏਗਾ।
ਪੱਛਮੀ ਆਸਟ੍ਰੇਲੀਆ ‘ਚ ਫਰਵਰੀ ਦਾ ਮਹੀਨਾ ਇਤਿਹਾਸ ਦੇ ਸਭ ਤੋਂ ਗਰਮ ਮਹੀਨਿਆਂ ’ਚ ਸ਼ਾਮਲ ਹੋ ਗਿਆ ਹੈ ਅਤੇ ਇਸ ਹਫਤੇ ਲਗਾਤਾਰ ਪੰਜ ਦਿਨ ਪਰਥ ‘ਚ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਕੱਲ੍ਹ ਤੋਂ ਤਾਪਮਾਨ ਦੁਬਾਰਾ ਵਧਣ ਤੋਂ ਪਹਿਲਾਂ ਅੱਜ ਪਰਥ ਵਿੱਚ ਤਾਪਮਾਨ 30 ਡਿਗਰੀ ਰਹਿਣ ਦੀ ਦੀ ਭਵਿੱਖਬਾਣੀ ਕੀਤੀ ਗਈ ਹੈ। ਗਰਮੀ ਦੇ ਕਈ ਦਿਨਾਂ ਤੱਕ ਚੱਲਣ ਦੀ ਉਮੀਦ ਹੈ ਪਰ ਐਤਵਾਰ ਨੂੰ ਸਭ ਤੋਂ ਗਰਮ ਤਾਪਮਾਨ ਦੇਖਿਆ ਜਾਵੇਗਾ।
ਗੈਸਕੋਇਨ ਤੱਟ ’ਤੇ ਤਾਪਮਾਨ 50 ਡਿਗਰੀ ਤੋਂ ਉੱਪਰ ਹੋਣ ਦੀ ਭਵਿੱਖਬਾਣੀ ਹੈ, ਜੋ ਆਸਟ੍ਰੇਲੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਮਹਿਸੂਸ ਕੀਤਾ ਤਾਪਮਾਨ ਹੋਵੇਗਾ। ਆਸਟ੍ਰੇਲੀਆ ’ਚ ਸਭ ਤੋਂ ਵੱਧ ਤਾਪਮਾਨ 50.7 ਡਿਗਰੀ 13 ਜਨਵਰੀ, 2022 ਨੂੰ ਓਨਸਲੋ ਅਤੇ 2 ਜਨਵਰੀ, 1960 ਨੂੰ ਓਡਨਾਦੱਤਾ ਵਿੱਚ ਦਰਜ ਕੀਤਾ ਗਿਆ ਸੀ।