ਦੀਪਇੰਦਰਜੀਤ ਸਿੰਘ ਦੇ ਦੋਸਤਾਂ ਨੇ ਉਸ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ, ਕਿਹਾ ਯਾਦ ਕਦੇ ਮਿਟਣ ਨਹੀਂ ਦੇਵਾਂਗੇ

ਮੈਲਬਰਨ: ਹੋਬਾਰਟ ਦੇ ਵਾਟਰਫਰੰਟ ‘ਤੇ ਡੁੱਬਣ ਕਾਰਨ ਜਾਨ ਗੁਆਉਣ ਵਾਲੇ ਦੀਪਇੰਦਰਜੀਤ ਸਿੰਘ ਦੇ ਦੋਸਤ ਮਿਲ ਕੇ ਉਸ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ। ਸੋਮਵਾਰ ਰਾਤ ਨੂੰ ਦੀਪਇੰਦਰਜੀਤ ਅਤੇ ਉਸ ਦੀ ਦੋਸਤ ਫਰੈਂਕਲਿਨ ਵਾਰਫ ਨੇੜੇ ਪਾਣੀ ਦੇ ਕਿਨਾਰੇ ‘ਤੇ ਬੈਠੇ ਸਨ, ਜਦੋਂ ਇਕ ਵਿਅਕਤੀ ਉਨ੍ਹਾਂ ਦੇ ਪਿੱਛੇ ਆਇਆ ਅਤੇ ਔਰਤ ਦਾ ਹੈਂਡਬੈਗ ਚੋਰੀ ਕਰਨ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਕਥਿਤ ਤੌਰ ‘ਤੇ ਪਾਣੀ ਵਿਚ ਧੱਕ ਦਿੱਤਾ ਸੀ। ਦੀਪਇੰਦਰਜੀਤ ਦੀ ਡੁੱਬਣ ਕਾਰਨ ਮੌਤ ਹੋ ਗਈ।

ਮੂਲ ਰੂਪ ਨਾਲ ਪੰਜਾਬ ਰਹਿਣ ਵਾਲਾ ਦੀਪਇੰਦਰਜੀਤ ਤਸਮਾਨੀਆ ਯੂਨੀਵਰਸਿਟੀ ‘ਚ ਪੜ੍ਹ ਰਿਹਾ ਸੀ ਅਤੇ ਤਿੰਨ ਸਾਲਾਂ ਤੋਂ ਉੱਤਰੀ ਹੋਬਾਰਟ ਦੇ ਇਕ ਪ੍ਰਸਿੱਧ ਰੈਸਟੋਰੈਂਟ ‘ਚ ਕੰਮ ਕਰ ਰਿਹਾ ਸੀ। ਉਸ ਦੇ ਦੋਸਤਾਂ ਨੇ ਉਸ ਨੂੰ “ਬਹੁਤ ਨਰਮਦਿਲ ਵਿਅਕਤੀ” ਦੱਸਿਆ ਹੈ ਜੋ ਆਪਣੇ ਚਾਰੇ ਪਾਸੇ ਖੁਸ਼ੀਆਂ ਬਿਖੇਰਦਾ ਰਹਿੰਦਾ ਸੀ। ਉਸ ਦੇ ਇੱਕ ਦੋਸਤ ਐਰੋਨ ਬ੍ਰਾਜ਼ੇਂਡੇਲ ਨੇ ਕਿਹਾ ਕਿ ਜਿਵੇਂ ਹੀ ਉਹ ਦਰਵਾਜ਼ੇ ਤੋਂ ਬਾਹਰ ਨਿਕਲਦਾ, ਹਰ ਵਾਰ ਉਸ ਦੇ ਚਿਹਰੇ ‘ਤੇ ਮੁਸਕਾਨ ਹੁੰਦੀ ਸੀ। ਉਸ ਨੇ ਕਿਹਾ, ‘‘ਅਸੀਂ ਸ਼ਨੀਵਾਰ ਰਾਤ ਨੂੰ ਉਸ ਨਾਲ ਹੱਸ-ਖੇਡ ਰਹੇ ਸੀ… ਸਾਨੂੰ ਸੋਮਵਾਰ ਰਾਤ ਨੂੰ ਫੋਨ ਆਇਆ ਅਤੇ ਮੇਰਾ ਦਿਲ ਟੁੱਟ ਗਿਆ, ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ ਅਤੇ ਇਹ ਸਿਰਫ ਇਕ ਸਦਮਾ ਸੀ।’’

ਰੈਸਟੋਰੈਂਟ ਦੇ ਇਕ ਹੋਰ ਦੋਸਤ ਸਾਈਮਨ ਰੋਬਸਟੇਲੀ ਨੇ ਕਿਹਾ ਕਿ ਦੋਸਤ ਇਕੱਠੇ ਹੋ ਕੇ ਇਹ ਵਿਚਾਰ ਕਰ ਰਹੇ ਸਨ ਕਿ ਦੀਪਇੰਦਰਜੀਤ ਦਾ ਸਨਮਾਨ ਕਿਵੇਂ ਕੀਤਾ ਜਾਵੇ। ਰੋਬਸਟੇਲੀ ਨੇ ਕਿਹਾ, ‘‘ਅਸੀਂ ਕੱਲ੍ਹ ਰਾਤ (ਮੰਗਲਵਾਰ) ਦੀਪਇੰਦਰਜੀਤ ਦੀ ਯਾਦ ’ਚ ਮੋਮਬੱਤੀਆਂ ਜਗਾਈਆਂ ਅਤੇ ਅਸੀਂ ਹਫਤੇ ਦੇ ਬਾਕੀ ਦਿਨ ਅਜਿਹਾ ਕਰਦੇ ਰਹਾਂਗੇ। ਸਾਨੂੰ ਕੁਝ ਵਿਚਾਰ ਮਿਲੇ ਹਨ ਕਿ ਅਸੀਂ ਕਿਸ ਤਰ੍ਹਾਂ ਉਸ ਦਾ ਸਨਮਾਨ ਅਤੇ ਯਾਦ ਬਣਾਈ ਰੱਖਾਂਗੇ।’’

ਦੀਪਇੰਦਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਵਾਪਸ ਭੇਜਣ ਲਈ ਪੈਸਾ ਇਕੱਠਾ ਕਰਨ ਵਿੱਚ ਮਦਦ ਕਰਨ ਲਈ ਇੱਕ GoFundMe ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਰੋਬਸਟੇਲੀ ਨੇ ਕਿਹਾ, ‘‘ਸਾਨੂੰ ਜੋ ਮਦਦ ਮਿਲੀ ਹੈ ਅਤੇ ਉਨ੍ਹਾਂ (ਉਸ ਦੇ ਪਰਿਵਾਰ) ਨੂੰ ਭਾਈਚਾਰੇ ਤੋਂ ਜੋ ਸਮਰਥਨ ਮਿਲਿਆ ਹੈ, ਉਹ ਬਹੁਤ ਵਧੀਆ ਹੈ। ਤਸਮਾਨੀਅਨ ਹੋਣਾ ਇੰਨਾ ਮਾਣ ਦਿੰਦਾ ਹੈ ਕਿ ਚਾਹੇ ਤੁਸੀਂ ਕਿਤੋਂ ਵੀ ਆਏ ਹੋ, ਤੁਹਾਡਾ ਸਵਾਗਤ ਕੀਤਾ ਜਾਵੇਗਾ ਅਤੇ ਗਲੇ ਲਗਾਇਆ ਜਾਵੇਗਾ।’’

ਪੁਲਿਸ ਦੀ ਵਿਆਪਕ ਜਾਂਚ ਤੋਂ ਬਾਅਦ ਤਿੰਨ ਨੌਜਵਾਨਾਂ ਅਤੇ ਇਕ ਬਾਲਗ ‘ਤੇ ਇਸ ਘਟਨਾ ਨੂੰ ਲੈ ਕੇ ਦੋਸ਼ ਲਗਾਏ ਗਏ ਹਨ। ਗੁਡਵੁੱਡ ਦੇ ਇਕ 17 ਸਾਲਾ ਲੜਕੇ ‘ਤੇ ਕਤਲ ਅਤੇ ਲੁੱਟ-ਖੋਹ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਬੇਰੀਡੇਲ ਦੀ 17 ਸਾਲਾ ਲੜਕੀ, 19 ਸਾਲਾ ਬੇਰੀਡੇਲ ਵਿਅਕਤੀ ਅਤੇ ਲੇਨਾਹ ਵੈਲੀ ਦੀ 25 ਸਾਲਾ ਔਰਤ ‘ਤੇ ਵੀ ਲੁੱਟ-ਖੋਹ ਦਾ ਦੋਸ਼ ਲਗਾਇਆ ਹੈ। ਚਾਰੇ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦੇ ਵੀਰਵਾਰ ਨੂੰ ਹੋਬਾਰਟ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ।

Leave a Comment