ਪੰਜਾਬੀ ਨੌਜਵਾਨ ਦਾ ਆਸਟ੍ਰੇਲੀਆ ਦੇ ਸਮੁੰਦਰ ’ਚ ਸੁੱਟ ਕੇ ਕੀਤਾ ਕਤਲ

ਮੈਲਬਰਨ: ਆਸਟ੍ਰੇਲੀਆ ਪੜ੍ਹਾਈ ਕਰ ਰਹੇ ਪੰਜਾਬੀ ਮੂਲ ਦੇ ਦੀਪਇੰਦਰਜੀਤ ਸਿੰਘ ਨੂੰ ਚੋਰਾਂ ਨੇ ਪਾਣੀ ’ਚ ਧੱਕਾ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸੋਮਵਾਰ ਰਾਤ 10 ਵਜੇ ਤਸਮਾਨੀਆ ਦੇ ਹੋਬਾਰਟ ਬੰਦਰਗਾਹ ’ਚ ਵਾਪਰੀ ਜਦੋਂ ਚੋਰਾਂ ਨੇ ਦੀਪਇੰਦਰਜੀਤ ਨਾਲ Princes Wharf 1 ’ਚ ਬੈਠੀ ਉਸ ਦੀ (ਪੰਜਾਬੀ ਮੂਲ ਦੀ ਹੀ) ਇੱਕ ਦੋਸਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਦੀਪਇੰਦਰਜੀਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਰ ਚੋਰਾਂ ਨੇ ਦੋਹਾਂ ਨੂੰ ਧੱਕਾ ਦੇ ਕੇ ਪਾਣੀ ’ਚ ਸੁੱਟ ਦਿੱਤਾ।

ਕੁੜੀ ਕਿਸੇ ਤਰੀਕੇ ਤੈਰ ਕੇ ਕਿਨਾਰੇ ਆ ਗਈ ਅਤੇ ਮਦਦ ਮੰਗੀ। ਨੇੜਿਉਂ ਲੰਘ ਰਹੇ ਦੋ ਜਣਿਆਂ ਬਹਾਦਰੀ ਨਾਲ ਪਾਣੀ ’ਚ ਛਾਲ ਮਾਰ ਕੇ ਦੀਪਇੰਦਰਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਪਾਣੀ ’ਚ ਸੰਘਰਸ਼ ਕਰ ਰਹੇ ਸਨ ਜਦੋਂ ਮੌਕੇ ’ਤੇ ਪੁੱਜੇ ਪੁਲਿਸ ਵਾਲਿਆਂ ਨੇ ਦੀਪਇੰਦਰਜੀਤ ਨੂੰ ਪਾਣੀ ਤੋਂ ਬਾਹਰ ਕਢਿਆ, ਪਰ ਉਦੋਂ ਤਕ ਉਸ ਦੀ ਜਾਨ ਜਾ ਚੁੱਕੀ ਸੀ।

ਧੱਕਾ ਦੇਣ ਵਾਲਿਆਂ ਦੀ ਪਛਾਣ 17 ਸਾਲਾਂ ਦੇ ਇੱਕ ਮੁੰਡੇ ਅਤੇ ਕੁੜੀ, 19 ਸਾਲ ਦੇ ਮੁੰਡੇ ਤੇ ਇੱਕ ਹੋਰ 25 ਸਾਲਾਂ ਦੀ ਕੁੜੀ ਵਜੋਂ ਹੋਈ ਹੈ। ਚਾਰੇ ਜਣੇ ਪੁਲਿਸ ਹਿਰਾਸਤ ’ਚ ਹਨ। 27 ਸਾਲ ਦਾ ਦੀਪਇੰਦਰਜੀਤ ਕੁਝ ਸਾਲ ਪਹਿਲਾਂ ਹੀ ਸਟੂਡੈਂਟ ਵੀਜ਼ਾ ’ਤੇ ਆਸਟ੍ਰੇਲੀਆ ਆਇਆ ਸੀ। ਆਸਟ੍ਰੇਲੀਆ ਦੀ ਪੁਲਿਸ ਨੇ ਇਸ ਨੂੰ ਇਕ ਸ਼ਰਮਨਾਕ ਅਤੇ ਕਾਇਰਾਨਾ ਕਾਰਵਾਈ ਦੱਸ ਕੇ ਆਲੋਚਨਾ ਕੀਤੀ ਹੈ।

Leave a Comment