ਮੈਲਬਰਨ: ਸਿਹਤ ਮਾਹਰਾਂ ਨੇ ਪਾਇਆ ਹੈ ਕਿ ਘੱਟ ਸੋਡੀਅਮ ਵਾਲਾ ਪੋਟਾਸ਼ੀਅਮ-ਭਰਪੂਰ ਨਮਕ ਆਮ ਵਰਤੋਂ ਕੀਤੇ ਜਾਂਦੇ ਨਮਕ ਨਾਲੋਂ ਹਾਈ ਬਲੱਡ ਪ੍ਰੈਸ਼ਰ ਨੂੰ ਰੋਕਣ ਵਿੱਚ ਵਧੇਰੇ ਅਸਰਦਾਰ ਹੈ। ਇਸ ਦੇ ਬਾਵਜੂਦ ਇਸ ਨਮਕ ਨੂੰ ਡਾਕਟਰੀ ਪੇਸ਼ੇਵਰਾਂ ਬਹੁਤ ਘੱਟ ਸਿਫ਼ਾਰਸ਼ ਕਰਦੇ ਹਨ।
ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਵੱਲੋਂ ਕੀਤੇ ਗਏ ਇੱਕ ਵੱਡੇ ਅਧਿਐਨ ਵਿੱਚ ਪਾਇਆ ਗਿਆ ਕਿ ਪੋਟਾਸ਼ੀਅਮ ਨਾਲ ਭਰਪੂਰ ਨਮਕ ਦੇ ਵਿਕਲਪਾਂ ਨੇ ਸਰੀਰ ਨੂੰ ਜ਼ਰੂਰੀ ਪੋਟਾਸ਼ੀਅਮ ਪ੍ਰਦਾਨ ਕਰਦੇ ਹੋਏ ਬਲੱਡ ਪ੍ਰੈਸ਼ਰ ਨੂੰ ਮਹੱਤਵਪੂਰਣ ਤੌਰ ’ਤੇ ਘਟਾ ਦਿੱਤਾ। ਹਾਲਾਂਕਿ ਸਿਰਫ਼ ਚੀਨੀ ਅਤੇ ਯੂਰਪੀਅਨ ਦੇਸ਼ਾਂ ਦੇ ਡਾਕਟਰ ਹੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਪੋਟਾਸ਼ੀਅਮ ਨਾਲ ਭਰਪੂਰ ਨਮਕ ਅਪਨਾਉਣ ਦੀ ਸਿਫਾਰਸ਼ ਕਰਦੇ ਹਨ।
ਪਰ ਹੁਣ, ਆਸਟ੍ਰੇਲੀਆ, ਭਾਰਤ, ਅਮਰੀਕਾ, ਦਖਣੀ ਅਫ਼ਰੀਕਾ ਅਤੇ ਜਾਪਾਨ ਦੇ ਸਿਹਤ ਮਾਹਰ ਵਿਸ਼ਵ ਪੱਧਰ ‘ਤੇ ਇਲਾਜ ਯੋਜਨਾਵਾਂ ਵਿੱਚ ਇਸ ਨਮਕ ਨੂੰ ਸ਼ਾਮਲ ਕਰਨ ਦੀ ਵਕਾਲਤ ਕਰ ਰਹੇ ਹਨ। ਪੋਟਾਸ਼ੀਅਮ ਨਾਲ ਭਰਪੂਰ ਨਮਕ, ਜੋ 75٪ ਸੋਡੀਅਮ ਕਲੋਰਾਈਡ ਅਤੇ 25٪ ਪੋਟਾਸ਼ੀਅਮ ਕਲੋਰਾਈਡ ਨਾਲ ਬਣਿਆ ਹੁੰਦਾ ਹੈ ਅਤੇ ਪਰਖ ਦੌਰਾਨ ਇਸ ਦਾ ਸਵਾਦ ਵੀ ਕਿਸੇ ਨੂੰ ਆਮ ਨਮਕ ਨਾਲੋਂ ਵੱਖ ਨਹੀਂ ਲੱਗਾ।